ਅਧਿਆਪਕਾਂ ’ਤੇ ਲਾਠੀਚਾਰਜ ਕਰਨ ਤੇ ਅੱਥਰੂ ਗੋਲੇ ਦਾਗਣ ਦੀ ਕੀਤੀ ਨਿਖੇਧੀ
ਅਧਿਆਪਕਾਂ 'ਤੇ ਲਾਠੀਚਾਰਜ ਕਰਨ ਤੇ ਅੱਥਰੂ ਗੋਲੇ ਦਾਗਣ ਦੀ ਸਖਤ ਨਿਖੇਧੀ
Publish Date: Fri, 13 Mar 2026 06:22 PM (IST)
Updated Date: Fri, 13 Mar 2026 06:24 PM (IST)

ਲੁਧਿਆਣਾ : ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ’ਤੇ ਪੰਜਾਬ ਸਰਕਾਰ ਵੱਲੋਂ ਕੀਤੇ ਤਸ਼ੱਦਦ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ ਗੋਲੇ ਦਾਗਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ, 4161 ਮਾਸਟਰ ਕਾਡਰ ਯੂਨੀਅਨ, 6635 ਅਧਿਆਪਕ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਿੱਡ-ਡੇ-ਮੀਲ ਵਰਕਰ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਲੁਧਿਆਣਾ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀਆਂ ਦੇ ਆਗੂਆਂ ਸਾਧੂ ਸਿੰਘ, ਰਮਨ ਝੌਰੜਾ, ਅਵਤਾਰ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਲੀਲ, ਰਮਨਜੀਤ ਸਿੰਘ ਸੰਧੂ, ਰੁਪਿੰਦਰਪਾਲ ਸਿੰਘ ਜੰਡਿਆਲੀ, ਪਰਮਿੰਦਰ ਸਿੰਘ ਸਿੰਘ ਮਲੌਦ, ਬਲਜਿੰਦਰ ਸਿੰਘ, ਅਮਰਿੰਦਰ ਸਿੰਘ, ਜਸਵਿੰਦਰ ਸਿੰਘ ਐਤੀਆਣਾ, ਪ੍ਰਵੀਨ ਕੁਮਾਰੀ ਅਤੇ ਪਿੰਕੀ ਰਾਣੀ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਸੁਪਰੀਮ ਕੋਰਟ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਨੂੰ ਸਰਵਿਸ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾ ਸਮੇਂ ਜਬਰੀ ਟੈਸਟ ਲੈਣ ਦੇ ਦਿੱਤੇ ਫੈਸਲੇ ਖ਼ਿਲਾਫ਼ ਪੰਜਾਬ ਦੇ ਅਧਿਆਪਕ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹ ਪੰਜਾਬ ਦੇ ਅਧਿਆਪਕਾਂ ਦੀਆਂ ਸਰਵਿਸਾਂ ਨੂੰ ਸੁਰੱਖਿਅਤ ਕਰਦਿਆਂ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਅਤੇ ਸੁਪਰੀਮ ਕੋਰਟ ਵਿੱਚ ਸਰਕਾਰ ਰਿਵਿਊ ਪਟੀਸ਼ਨ ਪਾਵੇ। ਉਨ੍ਹਾਂ ਕਿਹਾ ਇਸ ਮੰਗ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ, ਜਿਸ ਕਰ ਕੇ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਵਿਧਾਨ ਸਭਾ ਦੇ ਚਲਦੇ ਸੈਸ਼ਨ ਤਹਿਤ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ। ਸਰਕਾਰ ਵੱਲੋਂ ਕੋਈ ਯੋਗ ਹੱਲ ਕੱਢਣ ਦੀ ਬਜਾਏ ਅਧਿਆਪਕਾਂ ਤੇ ਬੇਇੰਤਹਾ ਤਸ਼ੱਦਦ ਲਾਠੀਚਾਰਜ ਅਤੇ ਅੱਥਰੂ ਗੋਲੇ ਦਾਗੇ ਗਏ ਹਨ, ਜਿਸ ਨਾਲ ਬਹੁਤ ਸਾਰੇ ਅਧਿਆਪਕ ਜ਼ਖ਼ਮੀ ਹੋਏ ਅਤੇ ਸੈਂਕੜਿਆਂ ਅਧਿਆਪਕਾਂ ਦੀਆਂ ਪੱਗਾਂ ਲੱਥ ਗਈਆਂ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਅਧਿਆਪਕਾਂ ਤੇ ਜਬਰੀ ਠੋਸੀ ਟੀਈਟੀ ਦੀ ਸ਼ਰਤ ਖਤਮ ਕਰਾਉਣ ਲਈ 16 ਮਾਰਚ ਤੱਕ ਮਤਾ/ ਬਿੱਲ ਪਾਸ ਨਾ ਕੀਤਾ ਤਾਂ 17 ਮਾਰਚ ਨੂੰ ਬਲਾਕਾਂ ਅਤੇ ਜ਼ਿਲ੍ਹਾ ਪੱਧਰ ’ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਜਿਸ ਵਿੱਚ ਡੀਟੀਐਫ ਵੱਡੇ ਪੱਧਰ ’ਤੇ ਅਧਿਆਪਕਾ ਸ਼ਮੂਲੀਅਤ ਕਰੇਗੀ।