ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾ ਰਹੇ ਨੇ : ਬਿੱਟੂ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾ ਰਹੇ ਨੇ-ਬਿੱਟੂ
Publish Date: Sat, 18 Apr 2026 06:37 PM (IST)
Updated Date: Sat, 18 Apr 2026 06:39 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਵਿਚ ਹਾਲ ਹੀ ਦੌਰਾਨ ਪਏ ਬੇਮੌਸਮੀ ਮੀਂਹ ਨੇ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ ‘ਤੇ ਫ਼ਸਲ ਦੇ ਰੰਗ ਅਤੇ ਗੁਣਵੱਤਾ ਵਿਚ ਆਈ ਕਮੀ ਕਾਰਨ ਕਿਸਾਨ ਚਿੰਤਿਤ ਨਜ਼ਰ ਆ ਰਹੇ ਹਨ। ਇਸ ਸਥਿਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਫਸੀਆਈ ਵੱਲੋਂ ਕਣਕ ਦੀ ਖਰੀਦ ਲਈ ਨਿਯਮਾਂ ਵਿਚ ਢਿੱਲ ਦੇਣ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਜੋ ਮੀਂਹ ਨਾਲ ਪ੍ਰਭਾਵਿਤ ਫ਼ਸਲ ਨੂੰ ਵੀ ਮੰਡੀਆਂ ਵਿਚ ਸਹਿਜੀ ਨਾਲ ਖਰੀਦਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫ਼ਸਲ ਦਾ ਇਕ-ਇਕ ਦਾਣਾ ਨਿਰਵਿਘਨ ਤਰੀਕੇ ਨਾਲ ਖਰੀਦਿਆ ਜਾਵੇ। ਬਿੱਟੂ ਨੇ ਹੋਰ ਦੱਸਿਆ ਕਿ ਮੰਡੀਆਂ ਵਿਚ ਪ੍ਰਬੰਧ ਮਜ਼ਬੂਤ ਕਰਨ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨਾਂ ਘਬਰਾਏ ਆਪਣੀ ਫ਼ਸਲ ਮੰਡੀਆਂ ਵਿਚ ਲੈ ਕੇ ਆਉਣ, ਕਿਉਂਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਕਿਸਾਨ ਵਰਗ ਨੇ ਵੀ ਇਸ ਕਦਮ ਨੂੰ ਸਵਾਗਤਯੋਗ ਕਰਾਰ ਦਿੰਦਿਆਂ ਉਮੀਦ ਜਤਾਈ ਹੈ ਕਿ ਨਿਯਮਾਂ ਵਿਚ ਢਿੱਲ ਨਾਲ ਉਨ੍ਹਾਂ ਨੂੰ ਹੋ ਰਹੇ ਨੁਕਸਾਨ ਵਿਚ ਕੁਝ ਹੱਦ ਤੱਕ ਰਾਹਤ ਮਿਲੇਗੀ।