ਮੁਜਰਾ ਕਰਵਾਉਣ ਵਾਲੇ ਬਿਆਨ ਡਿੱਗਦੇ ਸਿਆਸੀ ਮਿਆਰ ਦੀ ਨਿਸ਼ਾਨੀ : ਜਸਪ੍ਰੀਤ ਹੌਬੀ
ਮੁਜਰਾ ਕਰਵਾਉਣ ਵਾਲੇ ਬਿਆਨ ਡਿਗਦੇ ਸਿਆਸੀ ਮਿਆਰ ਦੀ ਨਿਸ਼ਾਨੀ : ਜਸਪ੍ਰੀਤ ਹੌਬੀ
Publish Date: Fri, 20 Mar 2026 09:11 PM (IST)
Updated Date: Fri, 20 Mar 2026 09:13 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਭਾਜਪਾ ਪੰਜਾਬ ਦੇ ਸੀਨੀਅਰ ਆਗੂ ਅਤੇ ਸਟੂਡੈਂਟਸ ਡੈਮੋਕ੍ਰੇਟਿਕ ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਹੌਬੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ’ਤੇ ਤਿੱਖਾ ਤੰਜ ਕੱਸਦੇ ਹੋਏ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਬੁਲਾਰੇ ਵੱਲੋਂ ‘ਬੁਲਾਰਾ ਆਉਣ ’ਤੇ ਮੁਜਰਾ ਕਰਵਾਉਣ’ ਵਰਗੇ ਬਿਆਨ ਨਾ ਸਿਰਫ਼ ਨਿੰਦਨਯੋਗ ਹਨ, ਸਗੋਂ ਇਹ ਅਕਾਲੀ ਦਲ ਦੀ ਡਿੱਗਦੇ ਸਿਆਸੀ ਸੱਭਿਆਚਾਰ ਦੀ ਨਿਸ਼ਾਨੀ ਵੀ ਹਨ। ਹੌਬੀ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕਦੇ ਉੱਚੀ ਸੋਚ, ਸਿਧਾਂਤਕ ਰਾਜਨੀਤੀ ਅਤੇ ਪੰਥਕ ਮੁੱਲਾਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਪੰਥਕ ਆਗੂਆਂ ਦੇ ਸਮੇਂ ’ਚ ਇਹੋ ਜਿਹੀ ਭਾਸ਼ਾ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਲੇ-ਦੁਆਲੇ ਇਕੱਠੇ ਹੋਏ ਆਗੂ ਆਪਣੀ ਰਾਜਨੀਤਿਕ ਹੈਸੀਅਤ ਬਚਾਉਣ ਲਈ ਜਿੱਥੇ ਪਾਰਟੀ ਦੀ ਸ਼ਾਖ ਨਾਲ ਖੇਡ ਰਹੇ ਹਨ, ਉੱਥੇ ਇਹੋ-ਜਿਹੀ ਬਿਆਨਬਾਜ਼ੀ ਕਰ ਕੇ ਆਮ ਲੋਕਾਂ ਵਿੱਚ ਵੀ ਅਕਾਲੀ ਦਲ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹੌਬੀ ਨੇ ਕਿਹਾ ਕਿ ਜਿਹੜੀ ਪਾਰਟੀ ਕਦੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬਣਦੀ ਸੀ, ਅੱਜ ਉਹ ਆਪਣੇ ਹੀ ਬਿਆਨਾਂ ਕਾਰਨ ਮਜ਼ਾਕ ਦਾ ਵਿਸ਼ਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਮਰਿਆਦਾ ਅਤੇ ਸੰਜੀਦਗੀ ਦੀ ਲੋੜ ਹੈ ਨਾ ਕਿ ਸਸਤੀ ਲੋਕਪ੍ਰਿਯਤਾ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ।