ਚਾਈਨਾ ਡੋਰ ਖ਼ਿਲਾਫ਼ ਐੱਸਐੱਸਪੀ ਦੀ ਸਖ਼ਤ ਮੁਹਿੰਮ ਨੇ ਬਣਾਈ ਮਿਸਾਲ, ਖੰਨਾ ‘ਚ ਸੁਰੱਖਿਅਤ ਤਿਉਹਾਰ ਦਾ ਮਾਹੌਲ
ਚਾਈਨਾ ਡੋਰ ਖ਼ਿਲਾਫ਼ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਸਖ਼ਤ ਮੁਹਿੰਮ ਨੇ ਬਣਾਈ ਮਿਸਾਲ, ਖੰਨਾ ‘ਚ ਸੁਰੱਖਿਅਤ ਤਿਉਹਾਰ ਦਾ ਮਾਹੌਲ
Publish Date: Wed, 21 Jan 2026 06:57 PM (IST)
Updated Date: Thu, 22 Jan 2026 04:09 AM (IST)

ਬਸੰਤ ਪੰਚਮੀ ਮੌਕੇ ਡ੍ਰੋਨ ਨਾਲ ਨਿਗਰਾਨੀ ਰਹੇਗੀ, ਛੱਤਾਂ ਉਪਰ ਪੁਲਿਸ ਦੀ ਚੈਕਿੰਗ ਹੋਵੇਗੀ ਲਖਵਿੰਦਰ ਸਿੰਘ ਨਸਰਾਲੀ, ਪੰਜਾਬੀ ਜਾਗਰਣ, ਖੰਨਾ : ਬਸੰਤ ਪੰਚਮੀ ਦੇ ਤਿਉਹਾਰ ਨੂੰ ਸੁਰੱਖਿਅਤ, ਸ਼ਾਂਤੀਪੂਰਕ ਤੇ ਖੁਸ਼ਹਾਲ ਬਣਾਉਣ ਲਈ ਖੰਨਾ ਪੁਲਿਸ ਵੱਲੋਂ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਲੋਕ-ਹਿਤੈਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਚਾਈਨਾ ਡੋਰ ਵਰਗੇ ਖ਼ਤਰਨਾਕ ਤੇ ਗੈਰ-ਕਾਨੂੰਨੀ ਧਾਗੇ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦਿਆਂ ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਇਹ ਡੋਰ ਸਿਰਫ਼ ਇਨਸਾਨੀ ਜਾਨ ਲਈ ਹੀ ਨਹੀਂ, ਸਗੋਂ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਲਈ ਵੀ ਗੰਭੀਰ ਖ਼ਤਰਾ ਹੈ। ਉਨ੍ਹਾਂ ਦੀ ਇਸ ਦੂਰਅੰਦੇਸ਼ੀ ਸੋਚ ਤੇ ਸਖ਼ਤ ਕਾਰਵਾਈ ਦੀ ਚਾਰੇ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਚਾਈਨਾ ਡੋਰ ’ਤੇ ਪੰਜਾਬ ਸਰਕਾਰ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ ਤੇ ਇਸ ਦੀ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ। ਪਿਛਲੇ ਸਾਲਾਂ ਦੌਰਾਨ ਚਾਈਨਾ ਡੋਰ ਕਾਰਨ ਕਈ ਦਰਦਨਾਕ ਹਾਦਸੇ ਵਾਪਰੇ ਹਨ, ਜਿਨ੍ਹਾਂ ’ਚ ਨੌਜਵਾਨਾਂ ਦੇ ਗਲੇ ਕਟਣ, ਦੋਪਹੀਆ ਵਾਹਨ ਚਾਲਕਾਂ ਦੇ ਗੰਭੀਰ ਜ਼ਖ਼ਮੀ ਹੋਣ ਤੇ ਬੇਸ਼ੁਮਾਰ ਪੰਛੀਆਂ ਦੀ ਮੌਤ ਵਰਗੀਆਂ ਘਟਨਾਵਾਂ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ਤੋਂ ਸਿੱਖ ਲੈਂਦਿਆਂ ਇਸ ਵਾਰ ਖੰਨਾ ਪੁਲਸ ਨੇ ਪਹਿਲਾਂ ਤੋਂ ਹੀ ਪੂਰੀ ਤਿਆਰੀ ਕਰ ਲਈ ਹੈ। ਐੱਸਐੱਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਹੜੀ ਦੇ ਵਾਂਗ ਬਸੰਤ ਪੰਚਮੀ ਵਾਲੇ ਦਿਨ ਵੀ ਪੁਲਿਸ ਪੂਰੀ ਤਰ੍ਹਾਂ ਅਲਰਟ ਰਹੇਗੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਲਸ ਟੀਮਾਂ ਘਰਾਂ ਦੀਆਂ ਛੱਤਾਂ ਉਪਰ ਚੜ੍ਹ ਕੇ ਚੈਕਿੰਗ ਕਰਨਗੀਆਂ, ਤਾਂ ਜੋ ਕਿਸੇ ਵੀ ਤਰ੍ਹਾਂ ਚਾਈਨਾ ਡੋਰ ਦੀ ਵਰਤੋਂ ਨਾ ਹੋ ਸਕੇ। ਇਸਦੇ ਨਾਲ ਹੀ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਡ੍ਰੋਨ ਕੈਮਰਿਆਂ ਰਾਹੀਂ ਸਾਰੇ ਇਲਾਕਿਆਂ ’ਚ ਨਿਗਰਾਨੀ ਕੀਤੀ ਜਾਵੇਗੀ। ਇਹ ਕਦਮ ਖੰਨਾ ਪੁਲਸ ਦੀ ਮੁਸਤੈਦੀ ਤੇ ਐਸਐਸਪੀ ਦੀ ਦੂਰਦਰਸ਼ੀ ਅਗਵਾਈ ਨੂੰ ਸਾਫ਼ ਦਰਸਾਉਂਦਾ ਹੈ। ਇਸ ਮੁਹਿੰਮ ਦਾ ਸਭ ਤੋਂ ਸਕਾਰਾਤਮਕ ਪਹਿਲੂ ਇਹ ਹੈ ਕਿ ਪੁਲਿਸ ਦੀ ਸਖ਼ਤੀ ਅਤੇ ਜਾਗਰੂਕਤਾ ਕਾਰਨ ਇਸ ਸਾਲ ਧਾਗਾ ਡੋਰ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾ ਵਧ ਗਈ ਹੈ। ਵਪਾਰੀਆਂ ਤੇ ਦੁਕਾਨਦਾਰਾਂ ਨੇ ਵੀ ਦੱਸਿਆ ਹੈ ਕਿ ਲੋਕ ਹੁਣ ਸੁਰੱਖਿਅਤ ਅਤੇ ਕਾਨੂੰਨੀ ਧਾਗਾ ਡੋਰ ਨੂੰ ਤਰਜੀਹ ਦੇ ਰਹੇ ਹਨ, ਜੋ ਸਮਾਜ ’ਚ ਆ ਰਹੇ ਸਕਾਰਾਤਮਕ ਬਦਲਾਅ ਦਾ ਸਪਸ਼ਟ ਸਬੂਤ ਹੈ। ਇਹ ਬਦਲਾਅ ਸਿੱਧੇ ਤੌਰ ’ਤੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਜਾਗਰੂਕਤਾ ਮੁਹਿੰਮ ਤੇ ਸਖ਼ਤ ਹਦਾਇਤਾਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਐੱਸਐੱਸਪੀ ਖੰਨਾ ਨੇ ਨੌਜਵਾਨਾਂ ਨੂੰ ਸਖ਼ਤ ਤੇ ਸਨੇਹੀ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੀ ਖੁਸ਼ੀ ਕਿਸੇ ਦੀ ਜਾਨ ਖ਼ਤਰੇ ’ਚ ਪਾ ਕੇ ਨਹੀਂ ਮਨਾਈ ਜਾ ਸਕਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕੋਲੋਂ ਵੀ ਚਾਈਨਾ ਡੋਰ ਬਰਾਮਦ ਹੁੰਦੀ ਹੈ ਜਾਂ ਕੋਈ ਇਸ ਦੀ ਵਰਤੋਂ ਕਰਦਾ ਹੋਇਆ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਤੁਰੰਤ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਮਾਪਿਆਂ ਨੂੰ ਵੀ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਤੇ ਇਹ ਯਕੀਨੀ ਬਣਾਉਣ ਕਿ ਉਹ ਸਿਰਫ਼ ਸੁਰੱਖਿਅਤ ਤੇ ਕਾਨੂੰਨੀ ਧਾਗਾ ਡੋਰ ਨਾਲ ਹੀ ਪਤੰਗਬਾਜ਼ੀ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ ਤੇ ਪੁਲਿਸ ਇਕੱਲੀ ਇਸ ਲੜਾਈ ਨੂੰ ਨਹੀਂ ਜਿੱਤ ਸਕਦੀ। ਅੰਤ ’ਚ ਐੱਸਐੱਸਪੀ ਖੰਨਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੰਨਾ ਪੁਲਿਸ ਦਾ ਪੂਰਾ ਸਹਿਯੋਗ ਕਰਨ, ਕਾਨੂੰਨ ਦੀ ਪਾਲਣਾ ਕਰਨ ਤੇ ਬਸੰਤ ਪੰਚਮੀ ਦੇ ਤਿਉਹਾਰ ਪੂਰੀ ਸੁਰੱਖਿਆ, ਸ਼ਾਂਤੀ ਤੇ ਖੁਸ਼ਹਾਲੀ ਨਾਲ ਮਨਾਉਣ।