- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖਿਆ ਮਨੁੱਖਤਾ, ਸੇਵਾ ਅਤੇ ਸਮਾਨਤਾ ਦਾ ਸੰਦੇਸ਼ ਦਿੰਦੀ ਹੈ: ਨਾਇਬ ਸਿੰਘ ਸੈਣੀਫੋਟੋ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਮੇਰੇ ਲਈ ਬਹੁਤ ਸੁਭਾਗਾ ਸਮਾਂ ਹੈ ਕਿ ਅੱਜ ਮੈਨੂੰ ਗੁਰੂ ਅਮਰਦਾਸ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਦੇ ਸਬੰਧ ’ਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਇਹ ਸ਼ਬਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਈ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਨਿਮਰਤਾ, ਸੇਵਾ ਤੇ ਸਮਾਜਿਕ ਸਮਾਨਤਾ ਦਾ ਅਮਰ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜਾਤ-ਪਾਤ ਤੇ ਊਚ-ਨੀਚ ਦੇ ਭੇਦਭਾਵ ਨੂੰ ਖ਼ਤਮ ਕਰ ਕੇ ਸਰਬੱਤ ਦੇ ਭਲੇ ਦੀ ਸੋਚ ਨੂੰ ਮਜ਼ਬੂਤ ਕੀਤਾ ਤੇ ਸੰਗਤ-ਪੰਗਤ ਦੀ ਪਰੰਪਰਾ ਰਾਹੀਂ ਸਮਾਜ ਨੂੰ ਏਕਤਾ ਦਾ ਰਾਹ ਦਿਖਾਇਆ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸੇਵਾ, ਸਿਮਰਨ ਤੇ ਪਰਉਪਕਾਰ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ। ਇਕ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੀਪ ਸਿੰਘ ਨੀਟੂ, ਭਾਜਪਾ ਪੰਜਾਬ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ’ਚ ਨਾਇਬ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ।
ਦੇਬੀ ਦੇ ਦਫਤਰ ਨਾਇਬ ਸਿੰਘ ਸੈਣੀ ਦਾ ਗਰਮਜੋਸ਼ੀ ਨਾਲ ਸਵਾਗਤ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਅੱਜ ਭਾਜਪਾ ਪੰਜਾਬ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੇ ਦਫ਼ਤਰ ਵਿਖੇ ਪੁੱਜਣ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ ਵੀ ਹਾਜ਼ਰ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਦਿਆਂ ਸੰਗਠਨਾਤਮਕ ਮਸਲਿਆਂ ’ਤੇ ਚਰਚਾ ਕੀਤੀ ਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਤੇ ਉਪਲੱਬਧੀਆਂ ਨੂੰ ਹਰ ਵਰਗ ਤੱਕ ਪਹੁੰਚਾਉਣ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸੰਗਠਨਾਤਮਕ ਗਤੀਵਿਧੀਆਂ, ਆਉਣ ਵਾਲੀਆਂ ਯੋਜਨਾਵਾਂ ਤੇ ਵੱਖ-ਵੱਖ ਲੋਕ-ਹਿੱਤ ਮਸਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਗੁਰਦੇਵ ਸ਼ਰਮਾ ਦੇਬੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਉਨ੍ਹਾਂ ਦੇ ਦਫ਼ਤਰ ਪੁੱਜਣ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਾਰਗਦਰਸ਼ਨ ਸਾਡੇ ਲਈ ਪ੍ਰੇਰਣਾਦਾਇਕ ਹੈ ਤੇ ਇਸ ਨਾਲ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ। ਇਸ ਮੌਕੇ ਡਾ. ਸਤੀਸ਼ ਕੁਮਾਰ, ਯਸ਼ਪਾਲ ਚੌਧਰੀ, ਰਵੀ ਬੱਤਰਾ, ਵਿੱਕੀ ਸਹੋਤਾ, ਰਾਜੀਵ ਸ਼ਰਮਾ, ਦੀਪਕ ਜੌਹਰ, ਅਮਿਤ ਮਿੱਤਲ, ਵਿਜੈ ਖਟਕ, ਹਿਮਾਨੀ ਸ਼ਰਮਾ, ਨਿਸ਼ਾ, ਰਾਕੇਸ਼ ਸਹੋਤਾ, ਆਰਿਅਨ, ਸੂਰਜ ਡਾਵਲ, ਦੀਪਕ ਬਾਮਨੀਆ ਸਮੇਤ ਵੱਡੀ ਗਿਣਤੀ ’ਚ ਭਾਜਪਾ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।