ਬੱਚਿਆਂ ਨੇ ਅਰਥ ਡੇ ਮਨਾਉਂਦੇ ਧਰਤੀ ਸੰਭਾਲ ਦਿੱਤਾ ਦਾ ਸੰਦੇਸ਼
ਸਪਰਿੰਗ ਡੇਲ ਸਕੂਲ ਦੇ ਬੱਚਿਆਂ ਨੇ ਅਰਥ ਡੇ ਮਨਾਉਂਦੇ ਧਰਤੀ ਸੰਭਾਲ ਦਿੱਤਾ ਦਾ ਸੰਦੇਸ਼
Publish Date: Thu, 23 Apr 2026 07:16 PM (IST)
Updated Date: Fri, 24 Apr 2026 04:07 AM (IST)

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਸ਼ੇਰਪੁਰ ਸਥਿਤ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਅਰਥ ਡੇ ਨੂੰ ਬੜੇ ਹੀ ਉਤਸ਼ਾਹ ਅਤੇ ਜ਼ਿੰਮੇਵਾਰੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਖ਼ਾਸ ਤੌਰ ’ਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਵਿਚਕਾਰ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਨੇ ਸਭ ਦਾ ਧਿਆਨ ਖਿੱਚਿਆ, ਜਿਸ ਵਿੱਚ ਵੱਖ ਵੱਖ ਜਮਾਤਾਂ ਦੇ ਬੱਚਿਆਂ ਨੇ ਆਪਣੇ ਰੰਗਾਂ ਰਾਹੀਂ ਪ੍ਰਕਿਰਤੀ ਦੀ ਖੂਬਸੂਰਤੀ ਅਤੇ ਉਸ ਦੀ ਸੰਭਾਲ ਦੀ ਲੋੜ ਨੂੰ ਬੜੀ ਸੋਹਣੀ ਤਰ੍ਹਾਂ ਦਰਸਾਇਆ। ਇਸ ਮੌਕੇ ਤੇ ਬੱਚਿਆਂ ਨੇ ‘ਸਾਡੀ ਸ਼ਕਤੀ, ਸਾਡੀ ਧਰਤੀ’ ਸਲੋਗਨ ਤੇ ਅਧਾਰਿਤ ਇੱਕ ਜਾਗਰੂਕਤਾ ਰੈਲੀ ਕੱਢ ਕੇ ਸਮਾਜ ਨੂੰ ਧਰਤੀ ਨੂੰ ਸੁਰੱਖਿਅਤ ਅਤੇ ਸਾਫ਼ ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ। ਪੇਂਟਿੰਗਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਹਰੇ-ਭਰੇ ਦਰੱਖਤ, ਸਾਫ਼ ਨਦੀਆਂ, ਪ੍ਰਦੂਸ਼ਣ ਰਹਿਤ ਵਾਤਾਵਰਣ ਅਤੇ ਜਾਨਵਰਾਂ ਦੀ ਰੱਖਿਆ ਵਰਗੇ ਵਿਸ਼ਿਆਂ ਨੂੰ ਪ੍ਰਮੁੱਖ ਤੌਰ ’ਤੇ ਦਰਸਾਇਆ। ਕੁਝ ਬੱਚਿਆਂ ਨੇ ਧਰਤੀ ਨੂੰ ਮਾਂ ਦੇ ਰੂਪ ਵਿੱਚ ਦਿਖਾ ਕੇ ਇਹ ਸੰਦੇਸ਼ ਦਿੱਤਾ ਕਿ ਸਾਨੂੰ ਆਪਣੀ ਧਰਤੀ ਦੀ ਸੇਵਾ ਅਤੇ ਸੰਭਾਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਨੇ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ। ਕਿੰਡਰ ਗਾਰਟਨ ਦੇ ਬੱਚਿਆਂ ਨੇ ਹੈਂਡੀਕਰਾਫ਼ਟ ਟੋਪੀਆਂ ਸਿਰ ਤੇ ਪਾ ਕੇ ਪ੍ਰਕਿਰਤੀ ਦਾ ਆਨੰਦ ਮਾਣਦੇ ਹੋਏ ਹਰੇ ਭਰੇ ਬਾਗ਼ ਦੀ ਸੈਰ ਕੀਤੀ। ਮਿਡਲ ਸੈਕਸ਼ਨ ਦੇ ਬੱਚਿਆਂ ਨੇ ਧਰਤੀ ਤੰਭਾਲ ਦਾ ਸੁਨੇਹਾ ਦੇਣ ਵਾਲੇ ਪੋਸਟਰ ਅਤੇ ਪੇਂਟਿੰਗ ਬਣਾਈਆਂ। ਸੀਨੀਅਰ ਸੈਕਸ਼ਨ ਦੇ ਬੱਚਿਆਂ ਨੇ ਵੀ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ‘ਅਰਥ ਡੇ’ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਾਇਮਰੀ ਸੈਕਸ਼ਨ ਦੇ ਬੱਚਿਆਂ ਨੇ ਕਹਾਣੀ ਸੁਣਾਓ ਮੁਕਾਬਲੇ ਵਿੱਚ ਭਾਗ ਲੈ ਕੇ ਆਪਣੀ ਮਨ ਦੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲ ਦੇ ਚੇਅਰਪਰਸਨ ਮੈਡਮ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਸਾਡਾ ਘਰ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਪਾਣੀ ਦੀ ਬੱਚਤ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਅਸੀਂ ਵੱਡਾ ਬਦਲਾਅ ਲਿਆ ਸਕਦੇ ਹਾਂ। ਇਸ ਦੇ ਨਾਲ ਹੀ ਸਕੂਲ ਦੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ-ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਣ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਹਰੇਕ ਛੋਟਾ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ, ਜਿਵੇਂ ਕਿ ਬਿਜਲੀ ਦੀ ਬਚਤ, ਕੂੜੇ ਦੀ ਸਹੀ ਸੰਭਾਲ ਅਤੇ ਪੌਦੇ ਲਗਾਉਣਾ।