‘ਸ਼ੀ ਕਨੈਕਟਸ ਵੈੱਬਸਾਈਟ’ ਦਾ ਉਦਘਾਟਨ
ਸਪਰਿੰਗ ਡੇਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਕੀਤਾ 'ਸ਼ੀ ਕਨੈਕਟਸ ਵੈਬਸਾਈਟ' ਦਾ ਉਦਘਾਟਨ
Publish Date: Fri, 20 Mar 2026 10:18 PM (IST)
Updated Date: Fri, 20 Mar 2026 10:22 PM (IST)

- ਔਰਤਾਂ ਨੂੰ ਆਪਣੀ ਪ੍ਰਤਿਭਾ ਨਿਖਾਰ ਕੇ ਸਸ਼ਕਤ ਬਣਨ ਲਈ ਕੀਤਾ ਪ੍ਰੇਰਿਤ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਉਦਯੋਗਿਕ ਸਮਰੱਥਾ ਨੂੰ ਨਿਖਾਰਨ ਲਈ ਕੰਮ ਕਰਨ ਵਾਲੀ ਸੰਸਥਾ ਸ਼ੀ ਕਨੈਕਟਸ ਵੱਲੋਂ ਆਪਣੀ ਵੈੱਬਸਾਈਟ ਸ਼ੁਰੂ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਪਰਿੰਗ ਡੇਲ ਪਬਲਿਕ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਉਦਯੋਗਿਕ ਸਮਰੱਥਾ ਨੂੰ ਨਿਖਾਰਨ ਲਈ ਕੰਮ ਕਰਨ ਵਾਲੀ ਸੰਸਥਾ ‘ਸ਼ੀ ਕਨੈਕਟਸ’ ਦੀ ਅਧਿਕਾਰਕ ਵੈੱਬਸਾਈਟ ਦਾ ਰਸਮੀ ਤੌਰ ’ਤੇ ਬਟਨ ਦਬਾ ਕੇ ਉਦਘਾਟਨ ਕੀਤਾ। ‘ਸ਼ੀ ਕਨੈਕਟਸ’ ਦੀ ਵੈੱਬਸਾਈਟ ਸ਼ੁਰੂ ਹੋਣ ਨਾਲ ਉਭਰ ਰਹੀਆਂ ਮਹਿਲਾ ਉਦਯੋਗਪਤੀਆਂ ਲਈ ਇੱਕ ਨਵੇਂ ਡਿਜ਼ੀਟਲ ਮੰਚ ਦੀ ਸ਼ੁਰੂਆਤ ਹੋਈ। ਇਸ ਸਮਾਗਮ ਵਿੱਚ ਪਦਮਸ਼੍ਰੀ ਰਜਨੀ ਬੈਕਟਰ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸਿੱਖਿਆ ਦੇ ਖ਼ੇਤਰ ਵਿੱਚ ਸ਼ਾਨਦਾਰ ਯੋਗਦਾਨ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਲਈ ਅਵਿਨਾਸ਼ ਕੌਰ ਵਾਲੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਵਿਨਾਸ਼ ਕੌਰ ਵਾਲੀਆ ਨੇ ਸਮਾਜ ਦੇ ਨਿਰਮਾਣ ਵਿੱਚ ਔਰਤਾਂ ਦੀ ਅਹਿਮ ਭੂਮਿਕਾ ’ਤੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਔਰਤਾਂ ਨੂੰ ਸਹੀ ਮੌਕੇ ਅਤੇ ਹੌਸਲਾ ਅਫ਼ਜ਼ਾਈ ਮਿਲਦੀ ਹੈ ਤਾਂ ਉਹ ਨਾ ਸਿਰਫ਼ ਆਪਣੀ ਜ਼ਿੰਦਗੀ ਬਦਲਦੀਆਂ ਹਨ, ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਦੀਆਂ ਪ੍ਰੇਰਕ ਵੀ ਬਣਦੀਆਂ ਹਨ। ਅਵਿਨਾਸ਼ ਕੌਰ ਵਾਲੀਆ ਨੂੰ ਮਿਲੇ ਸਨਮਾਨ ਲਈ ਸਪਰਿੰਗ ਡੇਲ ਪਬਲਿਕ ਸਕੂਲ ਦੇ ਡਾਇਰੈਕਟਰਜ਼ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਉਦਯੋਗਿਕ ਸਮਰੱਥਾ ਨੂੰ ਨਿਖਾਰਨ ਦਾ ਕੰਮ ਕਰਨ ਵਾਲੀ ਸੰਸਥਾ ਨੇ ਸਾਡੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਤੋਂ ਆਪਣੀ ਵੈੱਬਸਾਈਟ ਲਾਂਚ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।