ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਸ਼ਟਰੀ ਵਿਗਿਆਨ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਕਰਵਾਇਆ
Publish Date: Tue, 03 Mar 2026 07:00 PM (IST)
Updated Date: Wed, 04 Mar 2026 04:09 AM (IST)

ਫੋਟੋ ਨੰਬਰ-12 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕਾਦਮੀ (ਨਾਸ) ਦੇ ਲੁਧਿਆਣਾ ਚੈਪਟਰ ਨੇ ਫਸਲ ਵਿਗਿਆਨ ਦੀ ਭਾਰਤੀ ਸੁਸਾਇਟੀ ਦੇ ਸਹਿਯੋਗ ਨਾਲ ਰਾਸ਼ਟਰੀ ਵਿਗਿਆਨ ਦਿਹਾੜੇ ਮੌਕੇ ਵਿਸ਼ੇਸ਼ ਭਾਸ਼ਣ ਕਰਵਾਇਆ। ਇਸ ਭਾਸ਼ਣ ਦਾ ਸਿਰਲੇਖ ਕੌਮਾਂਤਰੀ ਪੱਧਰ ਦੇ ਵਿਦਿਆਰਥੀਆਂ ਵਿਚਕਾਰ ਸਾਂਝ ਅਤੇ ਸਿਖਲਾਈ ਦੇ ਮਾਧਿਅਮ ਨਾਲ ਸਥਿਰ ਫਸਲ ਉਤਪਾਦਨ ਰੱਖਿਆ ਗਿਆ ਸੀ ਤੇ ਭਾਸ਼ਣ ਦੇਣ ਲਈ ਫਲੋਰੀਡਾ ਯੂਨੀਵਰਸਿਟੀ ਦੇ ਫਸਲ ਵਿਗਿਆਨ ਦੇ ਪ੍ਰੋ. ਹਰਦੇਵ ਸਿੰਘ ਸੰਧੂ ਮੌਜੂਦ ਸਨ। ਇਸ ਸਮਾਰੋਹ ਦੀ ਪ੍ਰਧਾਨਗੀ ਪੀਏਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਕੀਤੀ। ਡਾ. ਹਰਦੇਵ ਸੰਧੂ ਨੇ ਆਪਣੇ ਭਾਸ਼ਣ ਦੌਰਾਨ ਫਲੋਰੀਡਾ ਰਾਜ ਵਿੱਚ ਅੰਤਰ ਅਨੁਸ਼ਾਸਨੀ ਪਹੁੰਚ ਰਾਹੀਂ ਗੰਨੇ ਦੇ ਉਤਪਾਦਨ ’ਚ ਹੋਏ ਵਾਧੇ, ਵਿਕਸਿਤ ਕਿਸਮਾਂ, ਬਾਰੀਕ ਤਕਨਾਲੋਜੀਆਂ ਅਤੇ ਨਵੀਨ ਪ੍ਰਬੰਧਣ ਵਿਧੀਆਂ ਬਾਰੇ ਗੱਲ ਕੀਤੀ, ਇਸਦੇ ਨਾਲ ਹੀ ਉਨ੍ਹਾਂ ਉਤਪਾਦਨ ਵਧਾ ਕੇ ਮੁਨਾਫ਼ੇ ਵਿੱਚ ਵਾਧੇ ਸੰਬੰਧੀ ਨੁਕਤੇ ਪੇਸ਼ ਕੀਤੇ। ਡਾ. ਸੰਧੂ ਨੇ ਦੱਸਿਆ ਕਿ ਜਿੱਥੇ ਇਸ ਸਾਰੇ ਮਾਹੌਲ ਪਿੱਛੇ ਫਸਲੀ ਅਤੇ ਮੌਸਮੀ ਸਥਿਤੀਆਂ ਜਿੰਮੇਵਾਰ ਸਨ ਉਥੇ ਨਾਲ ਹੀ ਵਿਦਿਆਰਥੀਆਂ ਦੀ ਪਹੁੰਚ ਨੇ ਭਰਪੂਰ ਯੋਗਦਾਨ ਪਾਇਆ। ਇਸਦੇ ਨਾਲ ਹੀ ਉਨਾਂ ਕੌਮਾਂਤਰੀ ਪੱਧਰ ਤੇ ਸਾਂਝੀ ਸਿੱਖਿਆ ਹਾਸਲ ਕਰਨ ਦੇ ਤਰੀਕਿਆਂ, ਵੀਜ਼ਾ, ਮਾਈਕ ਇਮਦਾਦ ਆਦਿ ਬਾਰੇ ਜਾਣਕਾਰੀ ਦਿੱਤੀ। ਡਾ. ਮਾਂਗਟ ਨੇ ਇਸ ਮੌਕੇ ਜ਼ਰਮਪਲਾਜ਼ਮ ਦੇ ਵਟਾਂਦਰੇ ਰਾਹੀਂ ਅੰਤਰ ਰਾਸ਼ਟਰੀ ਸਾਂਝ ਦੀਆਂ ਸਥਿਤੀਆਂ ਵਧਾਉਣ ਵਾਲੇ ਵੱਡਮੁੱਲੇ ਸੁਝਾਅ ਦਿੱਤੇ| ਇਸ ਤੋਂ ਇਲਾਵਾ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐੱਲਐੱਸ ਬਰਾੜ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਇਸ ਮੌਕੇ ਸਭ ਦਾ ਸਵਾਗਤ ਕੀਤਾ। ਉਨ੍ਹਾਂ ਰਾਸ਼ਟਰੀ ਵਿਗਿਆਨ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵਿਚਕਾਰ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 21 ਵਿਦਿਆਰਥੀਆਂ ਨੇ ਭਾਗ ਲਿਆ। ਅੰਤ ’ਚ ਫ਼ਸਲ ਵਿਗਿਆਨ ਬਾਰੇ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਕੱਤਰ ਡਾ. ਸੰਦੀਪ ਸੰਧੂ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਪ੍ਰਵੀਨ ਛੁਨੇਜਾ, ਗੌਰਵ ਕੁਮਾਰ ਤੱਗੜ ਅਤੇ ਅਭਿਸ਼ੇਕ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।