ਵਿਸ਼ਵ ਸਮਾਜਿਕ ਨਿਆਂ ਦਿਵਸ ਮੌਕੇ ਕੀਤੀ ਇਕੱਤਰਤਾ
ਵਿਸ਼ਵ ਸਮਾਜਿਕ ਨਿਆਂ ਦਿਵਸ ਮੌਕੇ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ
Publish Date: Fri, 20 Feb 2026 09:07 PM (IST)
Updated Date: Fri, 20 Feb 2026 09:09 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਵਿਸ਼ਵ ਸਮਾਜਿਕ ਨਿਆਂ ਦਿਵਸ ਦੇ ਮੌਕੇ ’ਤੇ ਨਵਕਿਰਣ ਵੂਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਿਕਾ ਅਨੀਤਾ ਸ਼ਰਮਾ ਦੀ ਅਗਵਾਈ ਹੇਠ ਸੰਸਥਾ ਦੇ ਦਫ਼ਤਰ ਪ੍ਰੇਮ ਨਗਰ ਵ੍ਰਿੰਦਾਵਨ ਰੋਡ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਸਮਾਜਿਕ ਨਿਆਂ ਦੀ ਮਹੱਤਤਾ, ਮੌਜੂਦਾ ਸਮਾਜਿਕ ਚੁਣੌਤੀਆਂ ਅਤੇ ਸਾਰਿਆਂ ਲਈ ਸਮਾਨ ਅਧਿਕਾਰ ਸੁਨਿਸ਼ਚਿਤ ਕਰਨ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਅਨੀਤਾ ਸ਼ਰਮਾ ਨੇ ਕਿਹਾ ਕਿ ਸਮਾਜਿਕ ਨਿਆਂ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ। ਜਦੋਂ ਤਕ ਹਰ ਵਿਅਕਤੀ ਚਾਹੇ ਉਹ ਔਰਤ ਹੋਵੇ, ਮਰਦ ਹੋਵੇ ਜਾਂ ਟ੍ਰਾਂਸਜੈਂਡਰ ਭਾਈਚਾਰੇ ਨਾਲ ਸੰਬੰਧਤ ਹੋਵੇ, ਨੂੰ ਸਮਾਨ ਮੌਕੇ, ਇੱਜ਼ਤ ਅਤੇ ਸੁਰੱਖਿਆ ਨਹੀਂ ਮਿਲਦੀ, ਉਦੋਂ ਤਕ ਅਸਲ ਤਰੱਕੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਮਾਜਿਕ ਨਿਆਂ ਦਾ ਅਰਥ ਸਿੱਖਿਆ ਦਾ ਸਮਾਨ ਅਧਿਕਾਰ, ਸਮਾਨ ਕੰਮ ਲਈ ਸਮਾਨ ਮਜ਼ਦੂਰੀ, ਹਿੰਸਾ ਅਤੇ ਭੇਦਭਾਵ ਤੋਂ ਮੁਕਤੀ, ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਸਮਾਨ ਭਾਗੀਦਾਰੀ ਹੈ। ਮੀਟਿੰਗ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਸਮਾਜਿਕ ਨਿਆਂ ਸਮਾਜ ਵਿੱਚ ਸੰਤੁਲਨ ਅਤੇ ਭਰੋਸੇ ਦੀ ਨੀਂਹ ਹੈ। ਜੇ ਕਿਸੇ ਇੱਕ ਵਰਗ ਜਾਂ ਲਿੰਗ ਨਾਲ ਅਨਿਆਇ ਹੁੰਦਾ ਹੈ ਤਾਂ ਉਸਦਾ ਅਸਰ ਪੂਰੇ ਸਮਾਜ ’ਤੇ ਪੈਂਦਾ ਹੈ। ਨਾਗਰਿਕ ਅਧਿਕਾਰਾਂ ਦੇ ਪ੍ਰਸਿੱਧ ਨੇਤਾ ਮਾਰਟਿਨ ਲੂਥਰ ਕਿੰਗ ਜਰ ਦਾ ਇਹ ਕਹਿਣਾ ਅੱਜ ਵੀ ਪ੍ਰਸੰਗਿਕ ਹੈ ਕਿ ਕਿਸੇ ਵੀ ਥਾਂ ਹੋਣ ਵਾਲਾ ਅਨਿਆਇ ਹਰ ਥਾਂ ਨਿਆਂ ਲਈ ਖ਼ਤਰਾ ਹੈ। ਇਸੇ ਤਰ੍ਹਾਂ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਜਦੋਂ ਤਕ ਸਮਾਜ ਦੇ ਸਾਰੇ ਵਰਗਾਂ ਨੂੰ ਸਮਾਨ ਅਧਿਕਾਰ ਅਤੇ ਸਤਿਕਾਰ ਨਹੀਂ ਮਿਲਦਾ, ਆਜ਼ਾਦੀ ਅਧੂਰੀ ਰਹਿੰਦੀ ਹੈ। ਨਵਕਿਰਣ ਵੂਮੈਨ ਵੈੱਲਫੇਅਰ ਐਸੋਸੀਏਸ਼ਨ ਨੇ ਸੰਕਲਪ ਲਿਆ ਕਿ ਸੰਸਥਾ ਜਾਗਰੂਕਤਾ ਮੁਹਿੰਮਾਂ, ਕਾਨੂੰਨੀ ਸਹਾਇਤਾ ਕੈਂਪਾਂ, ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਸਮਾਜਿਕ ਸੁਧਾਰ ਸਰਗਰਮੀਆਂ ਰਾਹੀਂ ਨਿਆਂ ਅਤੇ ਸਮਾਨਤਾ ਦਾ ਸੰਦੇਸ਼ ਜ਼ਮੀਨੀ ਪੱਧਰ ਤਕ ਪਹੁੰਚਾਉਂਦੀ ਰਹੇਗੀ। ਇਸ ਮੌਕੇ ਸ਼ੋਭਿਤ, ਮਨਜੀਤ, ਅਮਨ, ਪੂਨਮ ਅਤੇ ਨੇਹਾ ਨੇ ਵੀ ਸਰਗਰਮੀ ਨਾਲ ਭਾਗ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦਾ ਸਮਾਪਨ ਸਮਾਜਿਕ ਨਿਆਂ ਦਾਨ ਨਹੀਂ, ਹਰ ਨਾਗਰਿਕ ਦਾ ਮੂਲ ਅਧਿਕਾਰ ਹੈ ਸੰਦੇਸ਼ ਨਾਲ ਕੀਤਾ ਗਿਆ।