ਖਾਦ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ, 9 ਸੈਂਪਲ ਭਰੇ
ਲੁਧਿਆਣਾ ਵਿੱਚ ਖਾਦ ਸੁਰੱਖਿਆ ਐਕਟ ਤਹਿਤ ਵਿਸ਼ੇਸ਼ ਜਾਂਚ ਮੁਹਿੰਮ, 9 ਸੈਂਪਲ ਭਰੇ
Publish Date: Fri, 20 Feb 2026 07:58 PM (IST)
Updated Date: Fri, 20 Feb 2026 08:00 PM (IST)
ਬਸੰਤ ਸਿੰਘ ਰੋੜੀਆ, ਪੰਜਾਬੀ ਜਾਗਰਣ
ਲੁਧਿਆਣਾ : ਸਿਹਤ ਵਿਭਾਗ ਵੱਲੋਂ ਖਾਦ ਸੁਰੱਖਿਆ ਅਤੇ ਮਿਆਰ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਖਾਦ ਸੁਰੱਖਿਆ ਟੀਮ ਨੇ ਡਾ. ਸੰਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰਿਆਨਾ ਦੁਕਾਨਾਂ, ਫਾਸਟ ਫੂਡ ਆਊਟਲੈੱਟਾਂ, ਡਿਪਾਰਟਮੈਂਟਲ ਸਟੋਰਾਂ ਅਤੇ ਡੇਅਰੀ ਯੂਨਿਟਾਂ ਦੀ ਜਾਂਚ ਕੀਤੀ। ਜਾਂਚ ਦਾ ਮੁੱਖ ਉਦੇਸ਼ ਆਮ ਜਨਤਾ ਨੂੰ ਉਪਲਬਧ ਖਾਦ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਟੀਮ ਵੱਲੋਂ ਕੁੱਲ 9 ਖਾਦ ਪਦਾਰਥਾਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਦਾਲਚੀਨੀ, ਸੱਤੂ, ਪਿੰਕ ਨਮਕ, ਗੁੜ, ਮੱਕੀ ਦਾ ਆਟਾ, ਸ਼ੱਕਰ, ਵਰਤਿਆ ਹੋਇਆ ਖਾਣ ਵਾਲਾ ਤੇਲ, ਗਾਂ ਦਾ ਦੁੱਧ ਅਤੇ ਕ੍ਰੀਮ ਸ਼ਾਮਲ ਹਨ। ਇਹ ਨਮੂਨੇ ਹੈਬੋਵਾਲ, ਜਗਰਾਓਂ ਅਤੇ ਡੇਅਰੀ ਕੰਪਲੈਕਸ ਹੈਬੋਵਾਲ ਤੋਂ ਇਕੱਠੇ ਕੀਤੇ ਗਏ।
ਜਾਂਚ ਦੌਰਾਨ ਸਫ਼ਾਈ, ਸਟੋਰੇਜ ਅਤੇ ਹਾਈਜੀਨ ਹਾਲਾਤਾਂ ਦੀ ਵੀ ਵਿਸਥਾਰ ਨਾਲ ਜਾਂਚ ਕੀਤੀ ਗਈ। ਕਈ ਥਾਵਾਂ ’ਤੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਲਾਜ਼ਮੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਸਾਰੇ ਇਕੱਠੇ ਕੀਤੇ ਨਮੂਨੇ ਵਿਸ਼ਲੇਸ਼ਣ ਲਈ ਸਟੇਟ ਲੈਬੋਰਟਰੀ ਨੂੰ ਭੇਜੇ ਗਏ ਹਨ। ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਿਤ ਧਾਰਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਾਦ ਸੁਰੱਖਿਆ ਵਿਭਾਗ ਵੱਲੋਂ ਸਾਰੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਕਾਰੋਬਾਰ ਵਾਲੀਆਂ ਥਾਵਾਂ ’ਤੇ ਸਫ਼ਾਈ, ਹਾਈਜੀਨ ਅਤੇ ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਮਿਆਰੀ ਅਤੇ ਪੈਕ ਕੀਤੀਆਂ ਖਾਦ ਵਸਤੂਆਂ ਹੀ ਖਰੀਦਣ ਅਤੇ ਕਿਸੇ ਵੀ ਸ਼ੱਕ ਦੀ ਸਥਿਤੀ ਵਿੱਚ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।