- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁੱਫੜ ਤੇ ਭਤੀਜੇ ਦੀ ਕੈਂਟਰ ਦੇ ਕੈਬਿਨ ’ਚ ਰੱਖੀ ਅੰਗੀਠੀ ਤੋਂ ਗੈਸ ਚੜ੍ਹਨ ਨਾਲ ਮੌਤ

* ਰਿਫਾਇੰਡ ਤੇਲ ਭਰਵਾਉਣ ਲਈ ਫੈਕਟਰੀ ’ਚ ਆਏ ਸੀ ਦੋਵੇਂ
ਪੀ 01 : ਮ੍ਰਿਤਕ ਛੋਟੂ ਦੀ ਫਾਈਲ ਫੋਟੋ।
ਪੀ 02 : ਮ੍ਰਿਤਕ ਸ੍ਰੀ ਭਗਵਾਨ ਦੀ ਫਾਈਲ ਫੋਟੋ।
ਪੰਜਾਬੀ ਜਾਗਰਣ ਟੀਮ, ਸ੍ਰੀ ਮਾਛੀਵਾੜਾ ਸਾਹਿਬ : ਕੁਹਾੜਾ ਰੋਡ ’ਤੇ ਪੈਂਦੇ ਪਿੰਡ ਭੱਟੀਆਂ ਵਿਖੇ ਸਥਿਤ ਇਕ ਫੈਕਟਰੀ ’ਚ ਅੱਜ ਸਵੇਰੇ ਕੈਂਟਰ ਦੇ ਕੈਬਿਨ ’ਚ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤ ’ਚ ਲਾਸ਼ਾਂ ਪਈਆਂ ਮਿਲੀਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਸਕਿਓਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਰਿਫਾਇੰਡ ਤੇਲ ਲੈਣ ਲਈ 5 ਜਨਵਰੀ ਨੂੰ ਫੈਕਟਰੀ ’ਚ ਆਇਆ ਸੀ, ਜਿਸ ਦੇ ਚਾਲਕ ਦਾ ਨਾਮ ਛੋਟੂ ਵਾਸੀ ਪਿੰਡ ਡੂੰਗਰਾਂਵਾਲਾ, ਤਹਿਸੀਲ ਖੇਰਾਗੜ੍ਹ (ਯੂਪੀ), ਜਦਕਿ ਉਸ ਦੇ ਸਾਥੀ ਦਾ ਨਾਮ ਸ੍ਰੀ ਭਗਵਾਨ ਵਾਸੀ ਪਿੰਡ ਮਹਿਤਾ, ਜ਼ਿਲ੍ਹਾ ਭਰਤਪੁਰ (ਰਾਜਸਥਾਨ) ਵਜੋਂ ਹੋਈ ਹੈ, ਜੋ ਕਿ ਰਿਸ਼ਤੇ ’ਚ ਫੁੱਫੜ ਤੇ ਭਤੀਜਾ ਲੱਗਦੇ ਹਨ। ਜਦੋਂ ਇਹ ਦੋਵੇਂ ਅੱਜ ਕੈਬਿਨ ’ਚ ਮ੍ਰਿਤਕ ਪਾਏ ਗਏ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਫੈਕਟਰੀ ਦੇ ਪ੍ਰਬੰਧਕਾਂ ਅਨੁਸਾਰ ਇਹ ਦੋਵੇਂ ਨੌਜਵਾਨ ਰਾਤ ਵੇਲੇ ਖਾਣਾ ਖਾ ਕੇ ਕੈਂਟਰ ਦੇ ਕੈਬਿਨ ’ਚ ਸੌਂ ਗਏ ਅਤੇ ਇਨ੍ਹਾਂ ਠੰਢ ਤੋਂ ਬਚਾਅ ਲਈ ਕੋਲਿਆਂ ਵਾਲੀ ਅੰਗੀਠੀ ਬਾਲੀ ਹੋਈ ਸੀ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਕੋਲਿਆਂ ਵਾਲੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਇਨ੍ਹਾਂ ਦਾ ਦਮ ਘੁੱਟਿਆ ਗਿਆ ਅਤੇ ਇਨ੍ਹਾਂ ਦੀ ਮੌਤ ਹੋ ਗਈ। ਥਾਣਾ ਮੁਖੀ ਅਨੁਸਾਰ ਫੋਰੈਂਸਿਕ ਟੀਮ ਬੁਲਾਈ ਗਈ ਹੈ, ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ ਕਿ ਮੌਤ ਦੇ ਅਸਲ ਕਾਰਨ ਕੀ ਹਨ। ਪੁਲਿਸ ਅਨੁਸਾਰ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਅੱਜ ਬਾਅਦ ਦੁਪਹਿਰ ਤੱਕ ਮਾਛੀਵਾੜਾ ਥਾਣਾ ਵਿਖੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਪਰਿਵਾਰਕ ਮੈਂਬਰਾਂ ’ਤੇ ਟੁੱਟਾ ਦੁੱਖਾਂ ਦਾ ਪਹਾੜ
ਅੱਜ ਵਾਪਰੇ ਦਰਦਨਾਕ ਹਾਦਸੇ ’ਚ ਜੋ ਜ਼ਹਿਰੀਲੀ ਗੈਸ ਚੜ੍ਹਨ ਕਾਰਨ 2 ਵਿਅਕਤੀਆਂ ਦੀ ਮੌਤ ਹੋਈ ਹੈ ਉਸ ’ਚ ਮ੍ਰਿਤਕ ਡਰਾਈਵਰ ਛੋਟੂ, ਜੋ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਇਕਲੌਤਾ ਵਿਅਕਤੀ ਸੀ, ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦਾ ਇਕ ਭਰਾ, ਜੋ ਅੰਨਾ ਹੈ ਅਤੇ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਛੋਟੂ ਦੀ ਕਮਾਈ ਤੋਂ ਹੀ ਹੁੰਦਾ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਸ ਦੇ 2 ਛੋਟੇ-ਛੋਟੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਦੂਸਰੇ ਪਾਸੇ ਮ੍ਰਿਤਕ ਸ੍ਰੀ ਭਗਵਾਨ, ਜਿਸ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਜਦੋਂ ਉਸ ਦੀ ਪਤਨੀ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਉਹ ਦੁਨੀਆਂ ’ਚ ਨਹੀਂ ਰਿਹਾ ਤਾਂ ਉਸ ਦਾ ਰੋ-ਰੋ ਕੇ ਬੁਰਾ ਹਾਲ ਸੀ।