ਸਿੱਧੂਪੁਰ ਆਗੂਆਂ ਨੇ ਘੁਲਾਲ ਟੋਲ ਪਲਾਜ਼ਾ ਕੀਤਾ ਫ਼ਰੀ
ਸਿੱਧੂਪੁਰ ਆਗੂਆਂ ਨੇ ਘੁਲਾਲ ਟੋਲ ਪਲਾਜ਼ਾ ਕੀਤਾ ਫ਼ਰੀ
Publish Date: Sat, 28 Feb 2026 08:12 PM (IST)
Updated Date: Sun, 01 Mar 2026 04:14 AM (IST)

* ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਪੀ 01 : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਤੇ ਵਰਕਰ ਟੋਲ ਪਲਾਜ਼ੇ ਤੇ ਨਾਅਰੇਬਾਜ਼ੀ ਕਰਦੇ ਹੋਏ। ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਸਾਰੇ ਧਰਮਾਂ ਦੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੱਗੇ ਧਰਮ ਯੁੱਧ ਮੋਰਚਾ ਸਮਾਣਾ ਦੀ ਹਮਾਇਤ ’ਚ ਅਤੇ ਧਰਮ ਯੁੱਧ ਮੋਰਚਾ ਸਮਾਣਾ ’ਚ ਜਾਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਨ ਅਤੇ ਧਰਮ ਯੁੱਧ ਮੋਰਚਾ ਸਮਾਣਾ ਵਿਖੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਛਾਪੇ ਮਾਰ ਕੇ ਪਿੰਡਾਂ ’ਚ ਪੈਦਾ ਕੀਤੇ ਜਾ ਰਹੇ ਦਹਿਸ਼ਤ ਦੇ ਮਾਹੌਲ ਦੇ ਰੋਸ ਵੱਜੋਂ ਅੱਜ ਪੰਜਾਬ ਭਰ ਦੇ ਟੋਲ ਪਲਾਜ਼ੇ ਫਰੀ ਕੀਤੇ ਗਏ। ਟੋਲ ਪਲਾਜ਼ਾ ਘੁਲਾਲ ਜ਼ਿਲ੍ਹਾ ਲੁਧਿਆਣਾ ਨੂੰ ਫਰੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖ਼ਾਲਸਾ ਪਿਛਲੇ ਕਰੀਬ ਸਵਾ ਪੰਜ ਸੌ ਦਿਨਾਂ ਤੋਂ ਟਾਵਰ ਉੱਪਰ ਬੈਠੇ ਹਨ ਤੇ ਧਰਮ ਯੁੱਧ ਮੋਰਚਾ ਸਮਾਣਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਭ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਸਮਾਣਾ ਵਿਖੇ ਚੱਲ ਰਹੇ ਮੋਰਚੇ ’ਚ ਹਰ ਰੋਜ਼ ਪਹੁੰਚਣ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਪਰ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਬਜਾਏ ਧਰਮ ਯੁੱਧ ਮੋਰਚੇ ’ਚ ਸ਼ਾਮਲ ਹੋਣ ਲਈ ਜਾਣ ਵਾਲੇ ਲੋਕਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹਰੇਕ ਇਨਸਾਨ ਦੀ ਜ਼ਿੰਦਗੀ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੁੰਦੀ ਹੈ ਅਤੇ ਮੁਕਤੀ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਹੁੰਦੀ ਹੈ ਇਸ ਲਈ ਹਰ ਇੱਕ ਇਨਸਾਨ ਦਾ ਮੁੱਢਲਾ ਫਰਜ ਬਣਦਾ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਲੱਗੇ ਸਮਾਣਾ ਧਰਮ ਯੁੱਧ ਮੋਰਚੇ ਵਿਚ ਪਹੁੰਚ ਕੇ ਅਤੇ ਧਰਮ ਯੁੱਧ ਮੋਰਚਾ ਸਮਾਣਾ ਦੀ ਹਮਾਇਤ ਵਿੱਚ ਆਪਣੇ ਨੇੜੇ ਲੱਗਦੇ ਹਰ ਇੱਕ ਮੋਰਚੇ ਉੱਪਰ ਪਹੁੰਚ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਮਿਸਾਲੀ ਸਜਾਵਾਂ ਦਿਵਾਉਣ ਵਿੱਚ ਆਪਣਾ ਯੋਗਦਾਨ ਪਿਆ ਜਾਵੇ ਅਤੇ ਪੰਜਾਬ ਸਰਕਾਰ ਨੂੰ ਧਾਰਮਿਕ ਗ੍ਰੰਥਾ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਲਈ ਮਜਬੂਰ ਕੀਤਾ ਜਾਵੇ। ਇਸ ਮੌਕੇ ਸੁਪਿੰਦਰ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਗੁਰਦੀਪ ਸਿੰਘ ਬਰਮਾ, ਬਲਰਾਜ ਸਿੰਘ ਰਾਮਪੁਰ, ਸਵਰਨਜੀਤ ਸਿੰਘ ਘੁਲਾਲ, ਅਵਤਾਰ ਸਿੰਘ ਰਾਣਵਾ, ਕਿਰਪਾਲ ਸਿੰਘ ਬਦੇਸ਼ਾਂ, ਕਰਨੈਲ ਸਿੰਘ ਜਟਾਣਾ, ਕੁਲਦੀਪ ਸਿੰਘ ਸੇਖੋ, ਰਜਵੰਤ ਸਿੰਘ ਗਿੱਲ, ਹਰਜੀਤ ਸਿੰਘ ਚਹਿਲਾ, ਹਰਦੀਪ ਸਿੰਘ ਰਾਣਵਾਂ, ਗੁਰਮੀਤ ਸਿੰਘ ਕੋਟ ਗੰਗੂਰਾਏ, ਪ੍ਰਸ਼ੋਤਮ ਸਿੰਘ ਕਨੇਚ ਆਦਿ ਕਿਸਾਨ ਆਗੂ ਹਾਜ਼ਰ ਸਨ।