ਚਿਕਨ ਸ਼ਾਪ ਮਾਲਕ ਨਾਲ ਥਰਡ ਡਿਗਰੀ ਤਸ਼ੱਦਦ ਦੇ ਦੋਸ਼ ’ਚ ਐੱਸਐੱਚਓ ਕੀਤਾ ਲਾਈਨ ਹਾਜ਼ਰ
ਚਿਕਨ ਸ਼ਾਪ ਮਾਲਕ ਨਾਲ ਥਰਡ ਡਿਗਰੀ ਤਸ਼ੱਦਦ ਦੇ ਦੋਸ਼ ’ਚ ਐਸਐਚਓ ਕੀਤਾ ਲਾਈਨ ਹਾਜ਼ਰ
Publish Date: Wed, 08 Apr 2026 10:29 PM (IST)
Updated Date: Thu, 09 Apr 2026 04:12 AM (IST)

* ਪੁਲਿਸ ਕਮਿਸ਼ਨਰ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਜਾਰੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪਿਛਲੇ ਦਿਨੀਂ ਲੁਧਿਆਣਾ ’ਚ ਇਕ ਚਿਕਨ ਸ਼ਾਪ ਮਾਲਕ ਨਾਲ ਕਥਿਤ ਤੌਰ ਤੇ ਥਰਡ ਡਿਗਰੀ ਤਸ਼ੱਦਦ ਕਰਨ ਦੇ ਗੰਭੀਰ ਦੋਸ਼ਾਂ ਦੇ ਮਾਮਲੇ ’ਚ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ ਹੈ। ਪੁਲਿਸ ਡਵੀਜ਼ਨ-6 ਦੇ ਸਟੇਸ਼ਨ ਹਾਊਸ ਅਫ਼ਸਰ (ਐੱਸਐੱਚਓ) ਇੰਸਪੈਕਟਰ ਵਿਜੇ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਐਸਐਚਓ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ਼ਿਕਾਇਤਕਰਤਾ ਸਰਬਜੀਤ ਸਿੰਘ ਬਿੰਦਰ ਨੇ ਦੋਸ਼ ਲਗਾਇਆ ਕਿ ਬੀਤੇ ਦਿਨੀਂ ਉਹ ਆਪਣੀ ਦੁਕਾਨ ਤੇ ਮੌਜੂਦ ਸੀ, ਜਦੋਂ ਕੁਝ ਪੁਲਿਸ ਅਧਿਕਾਰੀ, ਜਿਨ੍ਹਾਂ ਵਿੱਚ ਐਸਐਚਓ ਵਿਜੇ ਕੁਮਾਰ ਵੀ ਸ਼ਾਮਲ ਸਨ, ਉਸ ਦੀ ਦੁਕਾਨ ਤੇ ਆਏ। ਸਰਬਜੀਤ ਦੇ ਦੱਸਣ ਮੁਤਾਬਿਕ ਉਸ ਸਮੇਂ ਦੁਕਾਨ ਵਿੱਚ ਕੋਈ ਵੀ ਗ੍ਰਾਹਕ ਸ਼ਰਾਬ ਨਹੀਂ ਪੀ ਰਿਹਾ ਸੀ। ਕੁਝ ਸਮੇਂ ਬਾਅਦ 4 ਵਿਅਕਤੀ ਦੁਕਾਨ ਤੇ ਆਏ ਜੋ ਆਪਣੇ ਨਾਲ ਸ਼ਰਾਬ ਦੀ ਬੋਤਲ ਲੈ ਕੇ ਆਏ ਸਨ ਅਤੇ ਉਨ੍ਹਾਂ ਜਨਮ ਦਿਨ ਮਨਾਉਣ ਲਈ ਉੱਥੇ ਸ਼ਰਾਬ ਪੀਣ ਦੀ ਇਜਾਜ਼ਤ ਮੰਗੀ। ਸਰਬਜੀਤ ਅਨੁਸਾਰ ਉਸ ਨੇ ਦੁਕਾਨ ਅੰਦਰ ਸ਼ਰਾਬ ਪਿਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਉਹ ਲੋਕ ਫਿਰ ਵੀ ਦੁਕਾਨ ’ਚ ਬੈਠ ਗਏ। ਇਸ ਦੌਰਾਨ ਐੱਸਐੱਚਓ ਵਿਜੇ ਕੁਮਾਰ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਦੁਬਾਰਾ ਦੁਕਾਨ ਤੇ ਆਏ ਅਤੇ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ। ਸ਼ਿਕਾਇਤਕਰਤਾ ਮੁਤਾਬਕ ਐੱਸਐੱਚਓ ਨੇ ਉਸ ਨੂੰ ਤੇ ਉਨ੍ਹਾਂ ਚਾਰ ਵਿਅਕਤੀਆਂ ਨੂੰ ਥਾਣੇ ਲਿਜਾ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਦਿੱਤਾ। ਸਰਬਜੀਤ ਸਿੰਘ ਨੇ ਬਹੁਤ ਹੀ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਥਾਣੇ ’ਚ ਐੱਸਐੱਚਓ ਨੇ ਆਪਣੇ ਡਰਾਈਵਰ ਤੇ ਤਿੰਨ ਹੋਰ ਕਾਂਸਟੇਬਲਾਂ ਨੂੰ ਬੁਲਾਇਆ ਅਤੇ ਉਸ ਨੂੰ ਉਨ੍ਹਾਂ ਸਾਹਮਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ। ਉਸ ਦੇ ਹੱਥ-ਪੈਰ ਫੜਵਾ ਕੇ ਉਸ ਦੇ ਨਿੱਜੀ ਅੰਗਾਂ ਤੇ ਬਿਜਲੀ ਦੇ ਝਟਕੇ ਦਿੱਤੇ ਗਏ। ਇਸ ਤੋਂ ਇਲਾਵਾ ਉਸ ਨੂੰ ਥੱਪੜ ਵੀ ਮਾਰੇ ਗਏ ਤੇ ਉਸ ਦੀ ਨੱਕ ’ਚ ਵੀ ਕਰੰਟ ਲਗਾਇਆ ਗਿਆ। ਉਸ ਨੇ ਇਹ ਵੀ ਦੱਸਿਆ ਕਿ ਐੱਸਐੱਚਓ ਨੇ ਉਸ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੀ ਦਾੜੀ ਤੇ ਵਾਲਾਂ ਨੂੰ ਫੜ ਕੇ ਉਸ ਨੂੰ ਘੜੀਸੀਆ ਗਿਆ। ਉਸ ਮੁਤਾਬਕ ਇਹ ਸਾਰਾ ਤਸ਼ੱਦਦ ਐੱਸਐੱਚਓ ਦੇ ਦਫ਼ਤਰ ਦੇ ਪਿੱਛੇ ਇਕ ਕਮਰੇ ’ਚ ਕੀਤਾ ਗਿਆ। ਸਰਬਜੀਤ ਮੁਤਾਬਿਕ ਉਸ ਨੇ ਆਪਣੇ ਨਾਲ ਹੋਏ ਤਸ਼ੱਸ਼ਦ ਦੇ ਇਨਸਾਫ ਲਈ ਪੁਲਿਸ ਕਮਿਸ਼ਨਰ ਕੋਲ ਗੁਹਾਰ ਲਗਾਈ। ਸੂਤਰਾਂ ਅਨੁਸਾਰ ਪੀੜਤ ਨੇ ਇਨਸਾਫ਼ ਲਈ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦਾ ਦਰਵਾਜ਼ਾ ਵੀ ਖੜਕਾਇਆ ਹੈ, ਜਿੱਥੇ ਉਸ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮਾਮਲੇ ਤੇ ਪ੍ਰਤੀਕਿਰਿਆ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਐਸਐਚਓ ਵਿਜੇ ਕੁਮਾਰ ਖ਼ਿਲਾਫ਼ ਲੱਗੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਪੁਲਿਸ ਪ੍ਰਣਾਲੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ’ਚ ਨਾਰਾਜ਼ਗੀ ਵੀ ਦੇਖੀ ਜਾ ਰਹੀ ਹੈ।