- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਭੇਜਣ ਦੀ ਥਾਂ ਮੈਕਸੀਕੋ ਤੋਂ ਵਾਪਸ ਭਾਰਤ ਭੇਜਿਆ

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਵਲੋਂ ਅਮਰੀਕਾ ਭੇਜਣ ਦੇ ਨਾਮ ’ਤੇ 32 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਕਥਿਤ ਦੋਸ਼ ਹੇਠ ਪਤੀ ਲਖਵਿੰਦਰ ਸਿੰਘ, ਪਤਨੀ ਰਾਣੀ ਅਤੇ ਮਾਂ ਸੁਲੱਖਣ ਕੌਰ ਸਮੇਤ 4 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪਟਿਆਲਾ ਦੇ ਪਿੰਡ ਖਰੌਲਾ ਦੇ ਰਹਿਣ ਵਾਲੇ ਮਿਲਖਾ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਇੱਕ ਰਿਸ਼ਤੇਦਾਰ ਦਿਲਬਰ ਸਿੰਘ ਨੇ ਲਖਵਿੰਦਰ ਸਿੰਘ ਨਾਲ ਜਾਣ-ਪਹਿਚਾਣ ਕਰਵਾਈ ਅਤੇ ਦੱਸਿਆ ਕਿ ਉਹ ਮੁੰਡਿਆਂ ਨੂੰ ਅਮਰੀਕਾ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਬਿਆਨਕਰਤਾ ਅਨੁਸਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਬਾਕੀ ਏਜੰਟ ਤਾਂ ਅਮਰੀਕਾ ਭੇਜਣ ਦਾ 50 ਤੋਂ 60 ਲੱਖ ਰੁਪਏ ਲੈਂਦੇ ਹਨ ਪਰ ਉਸ ਨੂੰ ਉਹ 32 ਲੱਖ ਰੁਪਏ ਵਿਚ ਵਿਦੇਸ਼ ਭੇਜ ਦੇਵੇਗਾ। 9-5-2024 ਨੂੰ ਲਖਵਿੰਦਰ ਸਿੰਘ ਆਪਣੇ ਪਾਰਟਨਰ ਕਰਨ ਨਾਲ ਉਸਦੇ ਘਰ ਆਇਆ ਜਿਸ ਨੇ 1 ਲੱਖ ਰੁਪਏ ਨਕਦ ਤੇ ਪਾਸਪੋਰਟ ਉਸ ਕੋਲੋਂ ਵਸੂਲ ਕਰ ਲਏ। 17-7-2024 ਨੂੰ ਫਿਰ 5.50 ਲੱਖ ਰੁਪਏ ਉਹ ਲਖਵਿੰਦਰ ਸਿੰਘ ਦੇ ਘਰ ਜਾ ਕੇ ਉਸਦੀ ਮਾਤਾ ਤੇ ਪਤਨੀ ਨੂੰ ਦੇ ਕੇ ਆਇਆ ਅਤੇ 1 ਲੱਖ ਰੁਪਏ ਹੋਰ ਲੈ ਲਿਆ। ਉਸ ਤੋਂ ਬਾਅਦ ਮਿਤੀ 16-8-2024 ਨੂੰ ਲਖਵਿੰਦਰ ਸਿੰਘ ਨੇ ਕਿਸੇ ਦੇ ਸਕੈਨਰ ਵਿਚ ਟਰਾਂਸਫਰ ਕਰਵਾਏ ਅਤੇ ਕਿਹਾ ਕਿ ਉਹ ਆਪਣਾ ਬੈਗ ਪੈਕ ਕਰ ਲਵੇ ਕਿਉਂਕਿ ਉਸਦਾ ਅਮਰੀਕਾ ਜਾਣ ਦਾ ਕੰਮ ਬਣ ਗਿਆ ਹੈ। ਬਿਆਨਕਰਤਾ ਅਨੁਸਾਰ 20-8-2024 ਨੂੰ ਉਸਨੂੰ ਦੁਬਈ ਭੇਜ ਦਿੱਤਾ ਗਿਆ, ਫਿਰ ਬ੍ਰਾਜ਼ੀਲ ਤੋਂ ਮੈਕਸੀਕੋ ਭੇਜ ਦਿੱਤਾ ਗਿਆ। ਮੈਕਸੀਕੋ ਜਾ ਕੇ ਉਸ ਨੂੰ ਹੋਰਨਾਂ ਲੜਕਿਆਂ ਨਾਲ ਕਮਰੇ ਵਿਚ ਰੱਖਿਆ ਅਤੇ ਕਿਹਾ ਕਿ ਬਾਕੀ 23.60 ਲੱਖ ਰੁਪਏ ਦੀ ਰਾਸ਼ੀ ਅਦਾ ਕਰੋ ਤਾਂ ਹੀ ਉਸਨੂੰ ਮੈਕਸੀਕੋ ਦੇ ਏਜੰਟ ਅਮਰੀਕਾ ਭੇਜਣਗੇ। ਸ਼ਿਕਾਇਤਕਰਤਾ ਮਿਲਖਾ ਸਿੰਘ ਅਨੁਸਾਰ ਉਸਦਾ ਪਿਤਾ ਲਖਵਿੰਦਰ ਸਿੰਘ ਦੇ ਘਰ ਗਿਆ ਤੇ 23.60 ਲੱਖ ਰੁਪਏ ਨਕਦ ਲਖਵਿੰਦਰ ਸਿੰਘ ਦੀ ਮਾਤਾ ਸੁਲੱਖਣ ਕੌਰ ਤੇ ਪਤਨੀ ਰਾਣੀ ਨੂੰ ਦੇ ਆਏ। ਇਨ੍ਹਾਂ ਦੋਵਾਂ ਔਰਤਾਂ ਨੇ ਉਸਦੇ ਪਿਤਾ ਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਉਨ੍ਹਾਂ ਦਾ ਲੜਕਾ ਮੈਕਸੀਕੋ ਤੋਂ ਡੌਂਕੀ ਰਾਹੀਂ ਜਲਦ ਅਮਰੀਕਾ ਭੇਜ ਦਿੱਤਾ ਜਾਵੇਗਾ। 1 ਮਹੀਨਾ ਬੀਤਣ ਦੇ ਬਾਵਜ਼ੂਦ ਵੀ ਲਖਵਿੰਦਰ ਸਿੰਘ ਨੇ ਉਸਨੂੰ ਮੈਕਸੀਕੋ ਤੋਂ ਅਮਰੀਕਾ ਨਾ ਭੇਜਿਆ ਅਤੇ ਉੱਥੇ ਬੈਠੇ ਏਜੰਟਾਂ ਨੇ ਕਿਹਾ ਕਿ ਤੁਹਾਡੀ ਪੈਮੇਂਟ ਨਹੀਂ ਆਈ ਇਸ ਕਰਕੇ ਤੁਹਾਨੂੰ ਅੱਗੇ ਨਹੀਂ ਭੇਜ ਸਕਦੇ। ਮੈਕਸੀਕੋ ਵਿਚ ਏਜੰਟਾਂ ਵਲੋਂ ਉਸਦੀ ਕੁੱਟਮਾਰ ਵੀ ਕੀਤੀ ਗਈ ਜਿਸ ਕਾਰਨ ਉਸਦੀ ਹਾਲਤ ਖ਼ਰਾਬ ਹੋਣ ਕਾਰਨ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ। ਇਲਾਜ ਕਰਵਾਉਣ ਲਈ ਮੈਕਸੀਕੋ ਦੇ ਏਜੰਟਾਂ ਨੂੰ ਉਸਦੇ ਪਿਤਾ ਨੇ 7 ਹਜ਼ਾਰ ਡਾਲਰ ਕਿਸੇ ਦੇ ਅਕਾਊਂਟ ਵਿਚ ਟਰਾਂਸਫਰ ਕੀਤੇ ਅਤੇ ਜਦੋਂ ਉਹ ਅਮਰੀਕਾ ਨਾ ਜਾ ਸਕਿਆ ਤਾਂ ਅਖੀਰ ਉਹ ਵਾਪਸ ਭਾਰਤ ਆਪਣੇ ਪਿੰਡ ਪਰਤ ਆਇਆ। ਪੁਲਿਸ ਵਲੋਂ ਜਾਂਚ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।