ਸ਼ਹਿਰ ਵਿੱਚ ਨਵਜੰਮੀ ਬੱਚੀ ਦੀ ਗੈਰਕਾਨੂੰਨੀ ਖਰੀਦ-ਫਰੋਖ਼ਤ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੀ ਦੀ ਮਾਂ, ਇੱਕ ਬੀਏਐਮਐਸ ਡਾਕਟਰ ਅਤੇ ਖਰੀਦਦਾਰ ਸਮੇਤ ਪੰਜ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿੱਚ ਨਵਜੰਮੀ ਬੱਚੀ ਦੀ ਗੈਰਕਾਨੂੰਨੀ ਖਰੀਦ-ਫਰੋਖ਼ਤ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਬੱਚੀ ਦੀ ਮਾਂ, ਇੱਕ ਬੀਏਐਮਐਸ ਡਾਕਟਰ ਅਤੇ ਖਰੀਦਦਾਰ ਸਮੇਤ ਪੰਜ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੀ ਘਟਨਾ ਉਸ ਵੇਲੇ ਬੇਨਕਾਬ ਹੋਈ ਜਦੋਂ ਨੀਲਾ ਝੰਡਾ ਰੋਡ ਤੇ ਇੱਕ ਔਰਤ ਨੂੰ ਦੋ ਦਿਨ ਦੀ ਨਵਜੰਮੀ ਬੱਚੀ ਨਾਲ ਦੇਖਿਆ ਗਿਆ, ਜੋ ਲਗਾਤਾਰ ਰੋ ਰਹੀ ਸੀ।
ਮੌਕੇ ਤੇ ਮੌਜੂਦ ਲੋਕਾਂ ਨੇ ਜਦੋਂ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲਿਆ ਕਿ ਉਸ ਨੇ ਬੱਚੀ ਨੂੰ 2.10 ਲੱਖ ਰੁਪਏ ਵਿੱਚ ਖਰੀਦਿਆ ਹੈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਦੌਰਾਨ ਪੂਰਾ ਮਾਮਲਾ ਬੇਨਕਾਬ ਹੋ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਬੱਚੀ ਦਾ ਜਨਮ 13 ਫਰਵਰੀ ਨੂੰ ਅਰੋੜਾ ਨਿਊਰੋ ਸੈਂਟਰ, ਬਾਬਾ ਥਾਨ ਸਿੰਘ ਚੌਕ ਵਿੱਚ ਹੋਇਆ ਸੀ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਸੁਨੀਤਾ ਦੇਵੀ ਵਾਸੀ ਸ਼ੇਰਪੁਰ ਕਲਾਂ (ਬੱਚੀ ਦੀ ਮਾਂ), ਪ੍ਰਵੀਨ ਵਾਸੀ ਖੁੱਡ ਮੁਹੱਲਾ, ਮਨਮੀਤ ਕੌਰ (ਬੀਏਐਮਐਸ ਡਾਕਟਰ) ਵਾਸੀ ਪੰਜਾਬ ਮਾਤਾ ਨਗਰ, ਰੂਚੀ ਵਾਸੀ ਡਾਬਾ ਰੋਡ ਅਤੇ ਮੰਦੀਪ ਕੌਰ ਵਾਸੀ ਨੰਗਲ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਸੁਨੀਤਾ ਦੇਵੀ ਮੁਲ ਰੂਪ ’ਚ ਗੋਰਖਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ।
ਏਡੀਸੀਪੀ-1 ਸਮੀਰ ਵਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਨੀਤਾ ਦੇਵੀ ਦੀਆਂ ਪਹਿਲਾਂ ਹੀ ਚਾਰ ਧੀਆਂ ਹਨ। ਗਰੀਬੀ ਦੇ ਹਾਲਾਤਾਂ ਕਰਕੇ ਉਸ ਨੇ ਪੰਜਵੀਂ ਧੀ ਦੇ ਜਨਮ ਤੋਂ ਬਾਅਦ ਉਸ ਨੂੰ ਵੇਚਣ ਦਾ ਫੈਸਲਾ ਕੀਤਾ। ਉਸ ਨੇ ਹਸਪਤਾਲ ਦੀ ਨਰਸ ਆਸ਼ਾ ਨਾਲ ਸੰਪਰਕ ਕੀਤਾ, ਜਿਸ ਨੇ ਅੱਗੇ ਬੀਏਐਮਐਸ ਡਾਕਟਰ ਮਨਮੀਤ ਕੌਰ ਨਾਲ ਗੱਲ ਕੀਤੀ। ਡਾਕਟਰ ਨੇ ਆਪਣੀ ਸਹੇਲੀ ਰੂਚੀ ਨੂੰ ਬੱਚੀ ਵੇਚਣ ਬਾਰੇ ਜਾਣਕਾਰੀ ਦਿੱਤੀ।
ਰੂਚੀ ਨੇ ਮੋਗਾ ਦੀ ਮਨਦੀਪ ਕੌਰ ਨਾਲ ਸੰਪਰਕ ਕੀਤਾ, ਜੋ ਕਈ ਸਾਲਾਂ ਤੋਂ ਔਲਾਦ ਤੋਂ ਵਾਂਝੀ ਸੀ ਅਤੇ ਬੱਚਾ ਖਰੀਦਣਾ ਚਾਹੁੰਦੀ ਸੀ। ਮਨਦੀਪ ਕੌਰ ਨੂੰ 2.10 ਲੱਖ ਰੁਪਏ ਦੇਣ ਲਈ ਕਿਹਾ ਗਿਆ, ਜਿਸ ਵਿੱਚੋਂ ਲਗਭਗ 60 ਹਜ਼ਾਰ ਰੁਪਏ ਬੱਚੀ ਦੀ ਮਾਂ ਨੂੰ ਅਤੇ ਬਾਕੀ ਰਕਮ ਸਾਰੇ ਦਲਾਲਾਂ ਵਿੱਚ ਵੰਡਣੀ ਸੀ।
15 ਫਰਵਰੀ ਦੀ ਦੁਪਹਿਰ ਨੂੰ ਸਾਰੇ ਦੋਸ਼ੀ ਨੀਲਾ ਝੰਡਾ ਰੋਡ ਦੇ ਇੱਕ ਪਾਰਕ ਵਿੱਚ ਇਕੱਠੇ ਹੋਏ ਸਨ, ਜਿੱਥੇ ਸੌਦਾ ਕੀਤਾ ਜਾਣਾ ਸੀ। ਬੱਚੀ ਦੇ ਲਗਾਤਾਰ ਰੋਣ ਅਤੇ ਸ਼ੱਕੀ ਹਲਚਲ ਦੇ ਕਾਰਨ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੰਜਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਵਜੰਮੀ ਬੱਚੀ ਨੂੰ ਸੁਰੱਖਿਅਤ ਕੀਤਾ ਗਿਆ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿਸ ਹਸਪਤਾਲ ਵਿੱਚ ਬੱਚੀ ਦਾ ਜਨਮ ਹੋਇਆ, ਉਸ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਹੋਰ ਦੀ ਸਾਂਝ ਸਾਹਮਣੇ ਆਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।