ਸਨਸਨੀਖੇਜ਼ ਮਾਮਲਾ :ਪਤੰਗ ਲੈਣ ਗਏ ਬੱਚੇ ਨਾਲ ਵਾਪਰੀ ਅਣਹੋਣੀ, ਬੇਰਹਿਮੀ ਨਾਲ ਮਾਰੇ ਥੱਪੜ
ਫੌਜੀ ਕਾਲੋਨੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਤੰਗ ਲੈਣ ਲਈ ਘਰੋਂ ਨਿਕਲੇ ਇੱਕ ਨਾਬਾਲਿਗ ਲੜਕੇ ਦਾ ਅਗਵਾ ਕਰ ਲਏ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦਾ ਬੇਟਾ ਦੁਪਹਿਰ ਵੇਲੇ ਪਤੰਗ ਲੈਣ ਗਿਆ ਸੀ। ਇਸੇ ਦੌਰਾਨ ਕੁਝ ਸਮੇਂ ਬਾਅਦ 5–6 ਨੌਜਵਾਨਾਂ ਨੇ ਉਸਨੂੰ ਜ਼ਬਰਦਸਤੀ ਬਾਈਕ ‘ਤੇ ਬਿਠਾ ਲਿਆ।
Publish Date: Sat, 03 Jan 2026 12:37 PM (IST)
Updated Date: Sat, 03 Jan 2026 12:44 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਫੌਜੀ ਕਾਲੋਨੀ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪਤੰਗ ਲੈਣ ਲਈ ਘਰੋਂ ਨਿਕਲੇ ਇੱਕ ਨਾਬਾਲਿਗ ਲੜਕੇ ਦਾ ਅਗਵਾ ਕਰ ਲਏ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦਾ ਬੇਟਾ ਦੁਪਹਿਰ ਵੇਲੇ ਪਤੰਗ ਲੈਣ ਗਿਆ ਸੀ। ਇਸੇ ਦੌਰਾਨ ਕੁਝ ਸਮੇਂ ਬਾਅਦ 5–6 ਨੌਜਵਾਨਾਂ ਨੇ ਉਸਨੂੰ ਜ਼ਬਰਦਸਤੀ ਬਾਈਕ ‘ਤੇ ਬਿਠਾ ਲਿਆ।
ਪੀੜਤ ਪਰਿਵਾਰ ਅਨੁਸਾਰ, ਅਗਵਾਕਾਰਾਂ ਨੇ ਫੋਨ ਕਰਕੇ ਧਮਕੀ ਦਿੱਤੀ ਕਿ ਜੇ 20 ਹਜ਼ਾਰ ਰੁਪਏ ਨਾ ਦਿੱਤੇ ਗਏ ਤਾਂ ਬੱਚੇ ਨੂੰ ਮਾਰ ਕੇ ਸੁੱਟ ਦਿੱਤਾ ਜਾਵੇਗਾ। ਜਦੋਂ ਮਾਂ ਨੇ ਪੁੱਛਿਆ ਕਿ ਉਸਦੇ ਪੁੱਤਰ ਦੀ ਕੀ ਗਲਤੀ ਹੈ ਤਾਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ। ਪੀੜਤ ਬੱਚੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਸ਼ਿਵ ਚੌਕ ਨੇੜੇ 5–6 ਲੜਕਿਆਂ ਨੇ ਉਸਨੂੰ ਘੇਰ ਲਿਆ ਅਤੇ ਸ਼ਰਾਬ ਪੀਣ ਲਈ ਮਜਬੂਰ ਕਰਨ ਲੱਗੇ।
ਇਨਕਾਰ ਕਰਨ ‘ਤੇ ਉਸਨੂੰ ਥੱਪੜ ਮਾਰਿਆ ਗਿਆ ਅਤੇ ਧਮਕਾ ਕੇ ਬਾਈਕ ‘ਤੇ ਬਿਠਾ ਲਿਆ ਗਿਆ। ਰਾਹਗੀਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਗਵਾਕਾਰਾਂ ਨੇ ਕਿਹਾ ਕਿ ਇਹ ਚੋਰ ਹੈ ਅਤੇ ਇਸਨੂੰ ਥਾਣੇ ਲੈ ਜਾ ਰਹੇ ਹਨ। ਬਾਅਦ ਵਿੱਚ ਬੱਚੇ ਨੂੰ ਢੋਲੇਵਾਲ ਚੌਕ ਨੇੜੇ ਰੇਲਵੇ ਪਟੜੀ ਪਾਰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉੱਥੇ ਉਸਨੂੰ ਮਜਬੂਰ ਕੀਤਾ ਗਿਆ ਕਿ ਉਹ ਵੀਡੀਓ ਵਿੱਚ ਕਬੂਲ ਕਰੇ ਕਿ ਉਹ ਇੱਕ ਲੜਕੀ ਨੂੰ ਨਸ਼ਾ ਦੇ ਕੇ ਗਲਤ ਕੰਮ ਕਰਨ ਆਇਆ ਸੀ।
ਬੈਲਟਾਂ ਨਾਲ ਕੁੱਟਮਾਰ ਦੇ ਡਰ ਕਾਰਨ ਬੱਚੇ ਤੋਂ ਜ਼ਬਰਦਸਤੀ ਇਹ ਬਿਆਨ ਦਿਵਾਇਆ ਗਿਆ ਅਤੇ ਵੀਡੀਓ ਕਾਲ ਰਾਹੀਂ ਮਾਪਿਆਂ ਨੂੰ ਵੀ ਦਿਖਾਇਆ ਗਿਆ। ਬੱਚੇ ਮੁਤਾਬਕ, ਜਦੋਂ ਉਸ ਦੀ ਮਾਂ ਨੇ ਵੀਡੀਓ ਕਾਲ ‘ਤੇ ਪੁਲਿਸ ਥਾਣਾ ਦਿਖਾਇਆ ਤਾਂ ਅਗਵਾਕਾਰ ਹੋਰ ਭੜਕ ਗਏ ਅਤੇ ਕੁਝ ਸਮੇਂ ਬਾਅਦ ਉਸਨੂੰ ਰੇਲਵੇ ਪਟੜੀ ਨੇੜੇ ਛੱਡ ਕੇ ਫਰਾਰ ਹੋ ਗਏ। ਕੁੱਟਮਾਰ ਤੋਂ ਬਾਅਦ ਉਸਦਾ ਮੋਬਾਈਲ ਵੀ ਵਾਪਸ ਕਰ ਦਿੱਤਾ ਗਿਆ। ਇਸ ਮਾਮਲੇ ਸਬੰਧੀ ਮੋਤੀ ਨਗਰ ਥਾਣਾ ਪ੍ਰਭਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਚੁੱਕੀ ਹੈ। ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।