ਸਵ. ਵਿਜੇ ਸ਼ਰਮਾ ਦਾ ਪਰਿਵਾਰ ਸਾਥੀਆਂ ਸਮੇਤ 'ਆਪ' ’ਚ ਸ਼ਾਮਲ
ਸੀਨੀਅਰ ਕਾਂਗਰਸੀ ਨੇਤਾ ਸਵ. ਵਿਜੇ ਸ਼ਰਮਾ ਦਾ ਪਰਿਵਾਰ ਆਪਣੇ ਸਾਥੀਆਂ ਸਮੇਤ 'ਆਪ' ’ਚ ਸ਼ਾਮਿਲ
Publish Date: Mon, 19 Jan 2026 06:43 PM (IST)
Updated Date: Tue, 20 Jan 2026 04:13 AM (IST)

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਉਨ੍ਹਾਂ ਦਾ ਪਾਰਟੀ ’ਚ ਕੀਤਾ ਸਵਾਗਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਖੰਨਾ ਰਾਜਨੀਤੀ ਦੀ ਇੱਕ ਪ੍ਰਮੁੱਖ ਹਸਤੀ ਸਵਰਗੀ ਵਿਜੇ ਸ਼ਰਮਾ ਦਾ ਪੂਰਾ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ। ਖੰਨਾ ਹਲਕੇ ਤੋਂ ਪੰਜਾਬ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਇਸ ਮੌਕੇ ਮਰਹੂਮ ਵਿਜੇ ਸ਼ਰਮਾ ਦੇ ਪੁੱਤਰ ਅੰਕੁਰ ਸ਼ਰਮਾ, ਨਿਤਿਨ ਸ਼ਰਮਾ, ਅਨੂ ਸ਼ਰਮਾ, ਨਿਰਮਲ ਸ਼ਰਮਾ, ਧਰਮਿੰਦਰ ਸ਼ਰਮਾ, ਵਿਕਰਮ ਜੋਸ਼ੀ, ਰੋਹਿਤ ਜੋਸ਼ੀ, ਚੰਦਨ ਪੁਰੀ, ਸਚਿਨ ਪੁੰਜ, ਸਮੀਰ ਸ਼ਰਮਾ, ਕੇਸ਼ਵ ਸ਼ਰਮਾ, ਡੋਗਰ ਸਿੰਘ, ਪ੍ਰਦੀਪ ਸਿੰਘ, ਭਿੰਦਰ ਸਿੰਘ, ਅਮਰਜੀਤ ਕੌਰ ਤੇ ਜਸਵੰਤ ਕੌਰ ਸਮੇਤ ਵੱਡੀ ਗਿਣਤੀ ’ਚ ਹੋਰ ਇਲਾਕਾ ਨਿਵਾਸੀਆਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਵਰਗੀ ਵਿਜੇ ਸ਼ਰਮਾ, ਜਿਨ੍ਹਾਂ ਦਾ ਹਾਲ ਹੀ ’ਚ ਦੇਹਾਂਤ ਹੋ ਗਿਆ ਸੀ, ਨੇ ਖੰਨਾ ਨਗਰ ਕੌਂਸਲ ’ਚ ਚਾਰ ਵਾਰ ਕੌਂਸਲਰ ਵਜੋਂ ਸੇਵਾ ਨਿਭਾਈ, ਜਦੋਂ ਕਿ ਉਨ੍ਹਾਂ ਦੀ ਪਤਨੀ ਸ਼ਾਰਦਾ ਸ਼ਰਮਾ ਨੇ ਚੋਣ ਜਿੱਤੀ ਤੇ ਉਨ੍ਹਾਂ ਦਾ ਵਾਰਡ ਔਰਤਾਂ ਲਈ ਰਾਖਵਾਂ ਹੋਣ ਤੋਂ ਬਾਅਦ ਕੌਂਸਲਰ ਬਣੀ। ਸਵਰਗੀ ਵਿਜੇ ਸ਼ਰਮਾ ਖੰਨਾ ਨਗਰ ਕੌਂਸਲ ਦੇ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ ਤੇ ਇਲਾਕੇ ਦੀ ਸਭ ਤੋਂ ਵੱਕਾਰੀ ਵਿੱਦਿਅਕ ਸੰਸਥਾ ਏਐਸ ਹਾਈ ਸਕੂਲ ਖੰਨਾ ਟਰੱਸਟ ਤੇ ਮੈਨੇਜਮੈਂਟ ਸੋਸਾਇਟੀ ’ਚ ਵੱਖ-ਵੱਖ ਅਹੁਦਿਆਂ ਤੇ ਰਹੇ। ਹਾਲਾਂਕਿ, ਦਹਾਕਿਆਂ ਤੱਕ ਕਾਂਗਰਸ ਪਾਰਟੀ ਦੀ ਸੇਵਾ ਕਰਨ ਦੇ ਬਾਵਜੂਦ, ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਦਿੱਤਾ ਜਿਸਦੇ ਉਹ ਹੱਕਦਾਰ ਸਨ। ਮੰਤਰੀ ਸੌਂਦ ਨੇ ਸ਼ਰਮਾ ਪਰਿਵਾਰ ਤੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਾਰੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਉਹ ਸਤਿਕਾਰ ਦਿੱਤਾ ਜਾਵੇਗਾ, ਜਿਸਦੇ ਉਹ ਹੱਕਦਾਰ ਸਨ, ਉਨ੍ਹਾਂ ਦੇ ਇਲਾਕੇ ’ਚ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤੇ ਵੱਡੇ ਪੱਧਰ ਤੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਮੰਤਰੀ ਸੌਂਦ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ’ਚ ਮਜ਼ਬੂਤ ਪ੍ਰਦਰਸ਼ਨ ਕਰੇਗੀ ਅਤੇ ਖੰਨਾ ਨਗਰ ਕੌਂਸਲ ਤੇ ਕਬਜ਼ਾ ਕਰੇਗੀ। ਮੰਤਰੀ ਸੌਂਦ ਨੇ ਕਿਹਾ ਕਿ ਆਪ ਦੀ ਨਗਰ ਕੌਂਸਲ ਦੇ ਗਠਨ ਤੋਂ ਬਾਅਦ, ਸ਼ਹਿਰ ਦੇ ਰੁਕੇ ਹੋਏ ਤੇ ਅਧੂਰੇ ਵਿਕਾਸ ਕਾਰਜਾਂ ਨੂੰ ਤੇਜ਼ ਕੀਤਾ ਜਾਵੇਗਾ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ।