ਸਕੂਲ ਸੰਚਾਲਿਕਾ ਨੇ ਮੇਅਰ ਦੇ ਪਤੀ ਦੇ ਪਤੀ ’ਤੇ ਲਾਏ ਗੰਭੀਰ ਦੋਸ਼
ਸਕੂਲ ਸੰਚਾਲਿਕਾ ਨੇ ਮੇਅਰ ਦੇ ਪਤੀ ਦੇ ਪਤੀ ਤੇ ਲਗਾਏ ਗੰਭੀਰ ਦੋਸ਼
Publish Date: Thu, 23 Apr 2026 10:26 PM (IST)
Updated Date: Fri, 24 Apr 2026 04:14 AM (IST)

ਮੇਅਰ ਦੇ ਪਤੀ ’ਤੇ ਤੰਗ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਲਾਇਆ ਦੋਸ਼ ਮੁੱਖ ਮੰਤਰੀ ਤੇ ਡੀਜੀਪੀ ਨੂੰ ਭੇਜੀ ਸ਼ਿਕਾਇਤ ਮੇਅਰ ਨੇ ਕਿਹਾ- ਜਾਂਚ ਤੋਂ ਬਾਅਦ ਸੱਚਾਈ ਜਨਤਾ ਦੇ ਸਾਹਮਣੇ ਆਵੇਗੀ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ਦਾ ਤਾਪਮਾਨ 40 ਡਿਗਰੀ ਤੇ ਪਹੁੰਚਣ ਨਾਲ ਜਿੱਥੇ ਪਾਰਾ ਲਗਾਤਾਰ ਚੜ੍ਹ ਰਿਹਾ ਹੈ, ਉੱਥੇ ਹੀ ਪਿਛਲੇ ਦਿਨਾਂ ਤੋਂ ਲੁਧਿਆਣਾ ਦਾ ਸਿਆਸੀ ਪਾਰਾ ਵੀ ਚੜ੍ਹਦਾ ਦਿਖਾਈ ਦੇ ਰਿਹਾ ਹੈ•। ਪਹਿਲਾਂ ਕੈਬਨਿਟ ਮੰਤਰੀ ਫਿਰ ਵਿਧਾਇਕ ਤੇ ਹੁਣ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਦੇ ਪਤੀ ਖਿਲਾਫ ਗੰਭੀਰ ਦੋਸ਼ ਲੱਗੇ ਹਨ, ਜਿਸ ਨਾਲ ਲੁਧਿਆਣਾ ਦੀ ਰਾਜਨੀਤੀ ’ਚ ਹਲਚਲ ਮਚ ਗਈ। ਹੁਣ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਪਤੀ ਰਵੀ ਆਨੰਦ ਤੇ ਇੱਕ ਮਹਿਲਾ ਅਧਿਆਪਿਕਾ ਨੇ ਕਈ ਗੰਭੀਰ ਦੋਸ਼ ਲਾਏ ਹਨ। ਔਰਤ ਨੇ ਸੋਸ਼ਲ ਮੀਡੀਆ ’ਤੇ ਵੀ ਖੁੱਲ੍ਹ ਕੇ ਗੱਲ ਕੀਤੀ ਤੇ ਇਨਸਾਫ ਲਈ ਲੋਕਾਂ ਤੋਂ ਮਦਦ ਮੰਗੀ। ਔਰਤ ਨੇ ਦੋਸ਼ ਲਾਇਆ ਕਿ ਮੇਅਰ ਦਾ ਪਤੀ ਰਵੀ ਆਨੰਦ ਉਸ ਨੂੰ ਲੰਬੇ ਸਮੇਂ ਤੋਂ ਉਸ ਨੂੰ ਜਾਣਦਾ ਸੀ। ਮਹਿਲਾ ਅਧਿਆਪਕਾ ਨੇ ਕਿਹਾ ਕਿ ਮੇਅਰ ਦੇ ਪਤੀ ਵੱਲੋਂ ਉਸ ’ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਭੇਜਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ, ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ, ਜਿਸ ਕਾਰਨ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਆਪਿਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਵਿਸਥਾਰਤ ਸ਼ਿਕਾਇਤ ਭੇਜੀ ਹੈ ਤੇ ਸੁਰੱਖਿਆ ਦੀ ਅਪੀਲ ਕੀਤੀ ਹੈ। ਪੀੜਿਤਾ, ਜੋ ਕਿ ਇੱਕ ਸਕੂਲ ਮਾਲਕ ਹੈ, ਦਾ ਦਾਅਵਾ ਹੈ ਕਿ ਰਵੀ ਆਨੰਦ, ਆਪਣਾ ਪ੍ਰਭਾਵ ਦਿਖਾ ਕੇ ਉਸ ਨੂੰ ਡਰਾਉਂਦਾ ਹੈ। ਔਰਤ ਨੇ ਦੱਸਿਆ ਕਿ ਲਗਭਗ 3 ਸਾਲ ਪਹਿਲਾਂ ਉਸ ਦੇ ਪਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰਵੀ ਨੇ ਉਸ ਦੀ ਬੇਵਸੀ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਉਸ ਦੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦਾ ਸੀ ਪਰ ਹੁਣ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਸਾਰੀ ਘਟਨਾ ਨੇ 22 ਅਪ੍ਰੈਲ ਨੂੰ ਇੱਕ ਨਵਾਂ ਮੋੜ ਲੈ ਲਿਆ, ਜਦੋਂ ਪੀੜਿਤਾ ਆਪਣੀ ਸ਼ਿਕਾਇਤ ਲੈ ਕੇ ਮੇਅਰ ਦੇ ਸਰਕਾਰੀ ਨਿਵਾਸ ’ਤੇ ਪਹੁੰਚੀ। ਪੁਲਿਸ ਦੀ ਮੌਜੂਦਗੀ ਤੇ ਸੁਰੱਖਿਆ ਪ੍ਰਬੰਧਾਂ ਤੋਂ ਉਹ ਡਰ ਗਈ ਅਤੇ ਸ਼ਿਕਾਇਤ ਦਰਜ ਕੀਤੇ ਬਿਨਾਂ ਹੀ ਵਾਪਸ ਆ ਗਈ। ਪੀੜਿਤਾ ਨੇ ਹੁਣ ਸੋਸ਼ਲ ਮੀਡੀਆ ’ਤੇ ਜਨਤਾ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਹ ਦਾਅਵਾ ਕਰਦੇ ਹੋਏ ਕਿ ਉਸ ਦੀ ਤੇ ਉਸ ਦੇ ਭਰਾ ਦੀ ਜਾਨ ਨੂੰ ਖ਼ਤਰਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਸੱਚ ਦੇ ਨਾਲ ਹਨ ਪਰ ਸਿਆਸਤ ’ਚ ਦੂਜੇ ਨੂੰ ਨੀਚਾ ਦਿਖਾਉਣ ਲਈ ਅੱਜ ਕੱਲ ਵਿਰੋਧੀ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਜਲਦ ਸੱਚ ਸਾਰਿਆਂ ਦੇ ਸਾਹਮਣੇ ਆਵੇਗਾ।