ਚੌਂਕੀਦਾਰ ਨੂੰ ਬੰਧਕ ਬਣਾ ਕੇ ਲੁੱਟਿਆ ਸਰੀਆ
ਚੌਂਕੀਦਾਰ ਨੂੰ ਬੰਧਕ ਬਣਾ ਕੇ ਲੁੱਟਿਆ ਸਰੀਆ
Publish Date: Wed, 18 Feb 2026 07:26 PM (IST)
Updated Date: Thu, 19 Feb 2026 04:09 AM (IST)

* ਕੈਂਟਰ ਵਿੱਚ ਸਰੀਆ ਲੋਡ ਕਰ ਕੇ ਅੱਠ ਬਦਮਾਸ਼ ਹੋਏ ਰਫੂ ਚੱਕਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਰਾਖੀ ਲਈ ਰੱਖੇ ਗਏ ਚੌਂਕੀਦਾਰ ਨੂੰ ਬੰਧਕ ਬਣਾ ਕੇ ਅੱਠ ਬਦਮਾਸ਼ਾਂ ਨੇ ਪਲਾਟ ਚੋਂ ਭਾਰੀ ਮਾਤਰਾ ਵਿੱਚ ਸਰੀਆ ਲੁੱਟ ਲਿਆ। ਅੱਠ ਬਦਮਾਸ਼ਾਂ ਨੇ ਸਾਰਾ ਸਰੀਆ ਕੈਂਟਰ ’ਚ ਲੋਡ ਕੀਤਾ ਅਤੇ ਰਫੂ ਚੱਕਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਬੀਆਰਐੱਸ ਨਗਰ ਵਾਸੀ ਨਮਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਅੱਠ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਵੱਦੀ ਨਹਿਰ ਪੁੱਲ ਦੇ ਲਾਗੇ ਇਕ ਪਲਾਟ ਖਰੀਦਿਆ ਹੋਇਆ ਹੈ। ਪਲਾਟ ਦੀ ਉਸਾਰੀ ਲਈ ਉਸਨੇ 67 ਕੁਇੰਟਲ ਸਰੀਆ ਅਤੇ 200 ਬੋਰੀ ਸੀਮੈਟ ਉੱਥੇ ਰਖਵਾਇਆ ਸੀ। ਉਸਾਰੀ ਦੇ ਸਮਾਨ ਦੀ ਰਾਖੀ ਲਈ ਨਮਨਪ੍ਰੀਤ ਨੇ ਚੌਂਕੀਦਾਰ ਬਹਾਦਰ ਸਿੰਘ ਨੂੰ ਤਾਇਨਾਤ ਕੀਤਾ ਹੋਇਆ ਸੀ। ਬੀਤੇ ਦਿਨ ਬਹਾਦਰ ਸਿੰਘ ਨੇ ਫੋਨ ਕਰਕੇ ਜੋ ਜਾਣਕਾਰੀ ਦਿੱਤੀ ਉਹ ਸੁਣ ਕੇ ਨਮਨਪ੍ਰੀਤ ਦੇ ਹੋਸ਼ ਉੱਡ ਗਏ। ਚੌਂਕੀਦਾਰ ਨੇ ਦੱਸਿਆ ਕਿ ਤੜਕੇ ਸਵਾ 3 ਵਜੇ ਦੇ ਕਰੀਬ ਨਕਾਬਪੋਸ਼ ਅੱਠ ਵਿਅਕਤੀ ਪਲਾਟ ਤੇ ਆਏ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਨੂੰ ਬੰਧਕ ਬਣਾ ਲਿਆ। ਬਹਾਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਸਾਰਾ ਸਰੀਆ ਇੱਕ ਕੈਂਟਰ ਵਿੱਚ ਲੋਡ ਕੀਤਾ ਅਤੇ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਨਮਨਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।