ਲੁਧਿਆਣਾ 'ਚ ਭੱਖਿਆ ਮਾਤਾ ਬਗਲਾਮੁਖੀ ਧਾਮ ਵਿਵਾਦ : ਮਹੰਤ 'ਤੇ 3 ਕਰੋੜ ਮੰਗਣ ਦੇ ਦੋਸ਼ਾਂ ਖ਼ਿਲਾਫ਼ ਨਿੱਤਰੀ ਸੰਗਤ, CP ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ
ਮਾਤਾ ਬਗਲਾਮੁਖੀ ਧਾਮ ਦੇ ਮਹੰਤ ਪਰਵੀਨ ਚੌਧਰੀ 'ਤੇ 3 ਕਰੋੜ ਰੁਪਏ ਦੀ ਮੰਗ ਕਰਨ ਦੇ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿੱਚ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਧਾਮ ਦੀ ਸੰਗਤ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ। ਸੰਗਤ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਦੋਸ਼ ਲਗਾਉਣ ਵਾਲੀ ਧਿਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
Publish Date: Thu, 11 Jun 2026 02:36 PM (IST)
Updated Date: Thu, 11 Jun 2026 02:39 PM (IST)

ਲੁਧਿਆਣਾ : ਮਾਤਾ ਬਗਲਾਮੁਖੀ ਧਾਮ ਦੇ ਮਹੰਤ ਪਰਵੀਨ ਚੌਧਰੀ 'ਤੇ 3 ਕਰੋੜ ਰੁਪਏ ਦੀ ਮੰਗ ਕਰਨ ਦੇ ਲਗਾਏ ਗਏ ਦੋਸ਼ਾਂ ਦੇ ਵਿਰੋਧ ਵਿੱਚ ਵੀਰਵਾਰ ਨੂੰ ਵੱਡੀ ਗਿਣਤੀ ਵਿੱਚ ਧਾਮ ਦੀ ਸੰਗਤ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੀ। ਸੰਗਤ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਦੋਸ਼ ਲਗਾਉਣ ਵਾਲੀ ਧਿਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮਹੰਤ ਪਰਵੀਨ ਚੌਧਰੀ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ
ਸੰਗਤ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਮਹੰਤ ਪਰਵੀਨ ਚੌਧਰੀ 'ਤੇ ਲਗਾਏ ਗਏ ਸਾਰੇ ਦੋਸ਼ ਸਰਾਸਰ ਬੇਬੁਨਿਆਦ ਹਨ ਅਤੇ ਇਸ ਰਾਹੀਂ ਧਾਰਮਿਕ ਸੰਸਥਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਪੁਖ਼ਤਾ ਸਬੂਤ ਦੇ ਜਨਤਕ ਤੌਰ 'ਤੇ ਅਜਿਹੇ ਦੋਸ਼ ਲਗਾ ਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਝੂਠੇ ਦੋਸ਼ ਮੜ੍ਹਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਕੋਈ ਸ਼ਿਕਾਇਤ ਜਾਂ ਸਬੂਤ ਹੈ, ਤਾਂ ਉਸ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ, ਨਾ ਕਿ ਬੇਬੁਨਿਆਦ ਦੋਸ਼ ਲਗਾ ਕੇ ਮਾਹੌਲ ਖ਼ਰਾਬ ਕੀਤਾ ਜਾਵੇ।
ਸੰਗਤ ਦੀ ਚਿਤਾਵਨੀ
ਸੰਗਤ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਉਚਿਤ ਕਾਰਵਾਈ ਨਾ ਹੋਈ ਤਾਂ ਉਹ ਅੱਗੇ ਵੀ ਲੋਕਤੰਤਰਿਕ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾਉਣਗੇ। ਦੂਜੇ ਪਾਸੇ, ਪੁਲਿਸ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਤੱਥਾਂ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ ਪੁਲਿਸ ਨੇ ਪਹਿਲਾਂ ਸਾਹਿਲ ਨਾਂ ਦੇ ਇੱਕ ਕਾਰੋਬਾਰੀ ਖ਼ਿਲਾਫ਼ 5 ਕਰੋੜ ਰੁਪਏ ਦੀ ਧੋਖਾਧੜੀ (ਫਰਾਡ) ਕਰਨ ਦੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਸੀ। ਇਸ ਕਾਰਵਾਈ ਤੋਂ ਬਾਅਦ ਮੁਲਜ਼ਮ ਧਿਰ ਦੇ ਲੋਕਾਂ ਨੇ ਲੰਘੇ ਮੰਗਲਵਾਰ ਨੂੰ ਸੀਪੀ (CP) ਦਫ਼ਤਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਇਹ ਦੋਸ਼ ਲਗਾਏ ਗਏ ਸਨ।