ਯੂਪੀਐੱਸਸੀ ਪ੍ਰੀਖਿਆ ਪਾਸ ਕਰ ਕੇ ਸਨਾਵਰਦੀਪ ਸਿੰਘ ਨੇ ਵਧਾਇਆ ਪੀਏਯੂ ਦਾ ਮਾਣ
ਯੂਪੀਐੱਸਸੀ ਪ੍ਰੀਖਿਆ ਪਾਸ ਕਰਕੇ ਸਨਾਵਰਦੀਪ ਸਿੰਘ ਨੇ ਵਧਾਇਆ ਪੀਏਯੂ ਦਾ ਮਾਣ
Publish Date: Fri, 13 Mar 2026 08:01 PM (IST)
Updated Date: Fri, 13 Mar 2026 08:03 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਪੀਏਯੂ ’ਚ ਐੱਮਟੈੱਕ ਦੇ ਵਿਦਿਆਰਥੀ ਸਨਾਵਰਦੀਪ ਸਿੰਘ ਨੇ ਬੀਤੇ ਦਿਨੀਂ ਐਲਾਨੇ ਗਏ ਯੂਪੀਐੱਸਸੀ ਪ੍ਰੀਖਿਆ ਦੇ ਨਤੀਜੇ ’ਚ 76ਵਾਂ ਰੈਂਕ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਜ਼ਿਕਰਯੋਗ ਹੈ ਕਿ ਸਨਾਵਰਦੀਪ ਸਿੰਘ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਦੇ ਸਪੁੱਤਰ ਹਨ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਨਾਵਰਦੀਪ ਸਿੰਘ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਪੀਏਯੂ ਦੇ ਵਿਦਿਆਰਥੀਆਂ ਨੇ ਹਰ ਖੇਤਰ ’ਚ ਅਹਿਮ ਕਾਰਜ ਕੀਤਾ ਹੈ। ਸਿਵਲ ਸੇਵਾਵਾਂ ਖੇਤਰ ’ਚ ਵੀ ਪੀਏਯੂ ਦੇ ਵਿਦਿਆਰਥੀਆਂ ਦੀ ਹੋਂਦ ਬਰਕਰਾਰ ਹੈ। ਉਨ੍ਹਾਂ ਸਨਾਵਰਦੀਪ ਸਿੰਘ ਵੱਲੋਂ ਹਾਸਲ ਕੀਤੇ ਇਸ ਮੁਕਾਮ ਨੂੰ ਯੂਨੀਵਰਸਿਟੀ ਦੇ ਨਵੇਂ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਆਖਦਿਆਂ ਆਸ ਪ੍ਰਗਟਾਈ ਕਿ ਹੋਰ ਵਿਦਿਆਰਥੀ ਵੀ ਇਸ ਪ੍ਰਾਪਤੀ ਤੋਂ ਅਗਵਾਈ ਹਾਸਲ ਕਰਨਗੇ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਸਨਾਵਰਦੀਪ ਸਿੰਘ ਯੂਨੀਵਰਸਿਟੀ ਦੀ ਰਾਸ਼ਟਰ ਪੱਧਰ ’ਤੇ ਜੇਤੂ ਹੋਈ ਕੁਇਜ਼ ਟੀਮ ਦਾ ਮੈਂਬਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਮੁੱਚੇ ਮਾਹੌਲ ਨੂੰ ਉਸਾਰੂ ਅਤੇ ਵਿਦਿਆਰਥੀ ਪੱਖੀ ਬਣਾਉਣ ਲਈ ਯਤਨ ਲਗਾਤਾਰ ਜਾਰੀ ਹਨ ਤਾਂ ਜੋ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਮਿੱਥ ਕੇ ਉਨਾਂ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਰਹਿਣ। ਉਨਾਂ ਸਨਾਵਰ ਦੀਪ ਸਿੰਘ ਨੂੰ ਮੁਬਾਰਕਵਾਦ ਦਿੰਦਿਆਂ ਹੋਰ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਤੋਂ ਪ੍ਰੇਰਿਤ ਹੋਣ ਲਈ ਕਿਹਾ।ਸਨਾਵਰ ਦੀਪ ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਨ ਦੇ ਸਿਰ ਬੰਨਿਆ। ਉਨਾਂ ਕਿਹਾ ਕਿ ਕੁੱਲ ਮਿਲਾ ਕੇ ਹੋਸਟਲਾਂ ਅਤੇ ਲਾਇਬ੍ਰੇਰੀ ਨੇ ਉਸਨੂੰ ਪੜਨ ਲਿਖਣ ਲਈ ਉਸਾਰੂ ਅਤੇ ਢੁੱਕਵਾਂ ਮਾਹੌਲ ਦਿੱਤਾ। ਇਸ ਮੌਕੇ ਡਾ. ਕੁਲਦੀਪ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।