ਸੱਚ ਦੇ ਮਾਰਗ ’ਤੇ ਚੱਲਣ ਨਾਲ ਹੀ ਸੰਭਵ ਹੈ ਮੁਕਤੀ : ਬਾਬਾ ਅਮੀਰ ਸਿੰਘ
ਸੱਚ ਦੇ ਮਾਰਗ ’ਤੇ ਚੱਲਣ ਨਾਲ ਹੀ ਸੰਭਵ ਹੈ ਮੁਕਤੀ-ਸੰਤ ਬਾਬਾ ਅਮੀਰ ਸਿੰਘ
Publish Date: Sun, 29 Mar 2026 07:53 PM (IST)
Updated Date: Mon, 30 Mar 2026 04:09 AM (IST)

ਐਤਵਾਰ ਨੂੰ ਜਵੱਦੀ ਟਕਸਾਲ ਵਿਖੇ ਕਰਵਾਇਆ ਹਫਤਾਵਾਰੀ ਨਾਮ ਸਿਮਰਨ ਸਮਾਗਮ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸਮਝਾਇਆ ਕਿ ਮਨ ਅੰਦਰ ਪਰਮਾਤਮਾ ਦਾ ਨਾਮ ਵਸ ਜਾਣਾ ਸੰਪੂਰਨ ਅਵਸਥਾ ਹੈ। ਜਦੋਂ ਨਾਮ ਦਾ ਕੌਤਕ ਮਨ ਅੰਦਰ ਵਰਤਦਾ ਹੈ ਤੇ ਜੀਵਨ ਪ੍ਰਮਾਤਮਾਂ ਦੀ ਮਿਹਰ ਦੇ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾਂ ਨੂੰ ਜੀਵਨ ਆਧਾਰ ਬਣਾ ਕੇ ਮਨ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ। ਫੇਰ ਇੱਕ ਵਿਸ਼ਵਾਸ ਜਨਮ ਲੈਂਦਾ ਹੈ ਕਿ ਪ੍ਰਮਾਤਮਾਂ ਆਪ ਹੀ ਸਾਰ ਸੰਭਾਲ ਕਰ ਰਿਹਾ ਹੈ। ਮਹਾਂਪੁਰਸ਼ਾਂ ਨੇ ਗੁਰਬਾਣੀ ਸ਼ਬਦ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਸਤਿਨਾਮ ਦੇ ਕੌਤਕ ਵਿੱਚ ਮਨੁੱਖ ਨੂੰ ਵੀ ਹਿੱਸੇਦਾਰ ਬਣਾਇਆ। ਆਪ ਜੀ ਨੇ ਸੱਚ ਦੀ ਸ੍ਰੇਸ਼ਟਤਾ ਸਥਾਪਿਤ ਕਰਨ ਤੋਂ ਬਾਅਦ ਉਸ ਨੂੰ ਮਨੁੱਖ ਦੇ ਆਚਾਰ ਨਾਲ ਤਾਂ ਜੋੜਿਆ ਹੀ ਸਗੋਂ ਉਸ ਨੂੰ ਸੱਚ ਤੋਂ ਵੀ ਉੱਪਰ ਦਾ ਦਰਜਾ ਦਿੱਤਾ। ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਮਨ ਦੇ ਅੰਦਰ ਕਿੰਨ੍ਹੇ ਹੀ ਵਿਚਾਰ ਚੱਲਦੇ ਹਨ। ਮਨ ਕਿੰਨੇ ਹੀ ਹੱਠ ਕਰਦਾ ਹੈ। ਪੜ੍ਹਨ ਲਈ ਕਿੰਨੇ ਹੀ ਧਰਮ ਗ੍ਰੰਥ ਹਨ। ਮਨ ਅੰਦਰ ਕਿੰਨੇ ਹੀ ਭਰਮ ਤੇ ਦੋਖ ਵੀ ਹਨ ਪਰ ਜੀਵਨ ਮੁਕਤੀ ਗੁਰੂ ਵੱਲੋਂ ਦਰਸਾਏ ਸੱਚ ਦੇ ਮਾਰਗ ’ਤੇ ਚੱਲਣ ਚ ਹੀ ਸੰਭਵ ਹੈ। ਮਨ ਅੰਦਰ ਨਾਮ ਦ੍ਰਿੜ ਹੋਵੇ ਮਨੁੱਖ ਦੇ ਆਚਾਰ ਵਿਵਹਾਰ ਦੀ ਮਹੱਤਤਾ ਉਸ ਤੋਂ ਵੀ ਜ਼ਿਆਦਾ ਹੈ। ਮਾਤਰ ਗੱਲਾਂ ਨਾਲ ਹੀ ਪ੍ਰਮਾਤਮਾ ਦੀ ਮਿਹਰ ਪ੍ਰਾਪਤ ਨਹੀਂ ਹੁੰਦੀ। ਜੀਵਨ ਦਾ ਮਾਰਗ ਬਿਖਮ ਤੇ ਡਰਾਵਣਾ ਹੈ। ਇਸ ਲਈ ਹੇ ਭਾਈ ਡਰਾਵਣੇ ਰਾਹ ਨੂੰ ਪਾਰ ਕਰਨ ਚ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੋਵੇਗਾ। ਸੰਗਤਾਂ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦਾ ਲਾਹਾ ਪ੍ਰਾਪਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।