ਬੇਅਦਬੀ ਕਾਨੂੰਨ ਸ਼ਲਾਘਾਯੋਗ ਕਦਮ : ਚੇਅਰਮੈਨ ਰਾਜੀ
ਬੇਅਦਬੀ ਕਾਨੂੰਨ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ-ਚੇਅਰਮੈਨ ਰਾਜੀ
Publish Date: Thu, 23 Apr 2026 07:06 PM (IST)
Updated Date: Fri, 24 Apr 2026 04:07 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ ਪੰਥਕ ਮਸਲਿਆਂ ਤੇ ਸੰਜੀਦਗੀ ਨਾਲ ਪਹਿਰਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਸੂਬੇ ਦੇ ਲੋਕਾਂ ਨਾਲ ਕੀਤਾ ਸੀ, ਉਸਨੂੰ ਨਿਭਾਅ ਕੇ ਪੰਥ ਪ੍ਰਸਤ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਾਂਝੀਵਾਲਤਾ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਜੋ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬੇਅਦਬੀ ਵਰਗੇ ਘਿਨਾਉਣੇ ਗੁਨਾਹ ਕੀਤੇ ਗਏ, ਉਹਨਾਂ ਦੇ ਗੁਨਾਹਗਾਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਰਕਾਰ ਵੱਲੋਂ ਵਿਸ਼ੇਸ਼ ਕਾਨੂੰਨ ਪਾਸ ਕਰਨਾ ਸੰਗਤ ਲਈ ਤਸੱਲੀ ਦਾ ਸਬੱਬ ਬਣਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੀ ਸਾਜ਼ਿਸ਼ ਅਧੀਨ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾ ਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀਆਂ ਕੋਝੀਆਂ ਚਾਲਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਪਰ ਪੁਰਾਣੇ ਕਾਨੂੰਨ ’ਚ ਕੁਝ ਢਿੱਲ ਹੋਣ ਕਰ ਕੇ ਤੇ ਕਨੂੰਨੀ ਦਾਅ ਪੇਚ ਕਰ ਕੇ ਦੋਸ਼ੀ ਬਚਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲੇ ਦਿਨ ਤੋਂ ਹੀ ਇਹ ਅਹਿਦ ਲਿਆ ਹੋਇਆ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਤੇ ਅਜਿਹਾ ਕਾਨੂੰਨ ਬਣਾਇਆ ਕਿ ਭਵਿੱਖ ਵਿੱਚ ਕੋਈ ਵੀ ਬੇਅਦਬੀ ਕਰਨ ਦੀ ਜ਼ਹਿਮਤ ਨਹੀਂ ਕਰੇਗਾ।