ਕੱਲ੍ਹ ਕਾਂਗਰਸ ’ਚੋਂ ਕੱਢੇ ਸਭਰਵਾਲ ਅੱਜ ਬਾਜਵਾ ਨਾਲ ਆਏ ਨਜ਼ਰ
ਕੱਲ੍ਹ ਕਾਂਗਰਸ ’ਚੋਂ ਕੱਢੇ ਸਭਰਵਾਲ ਅੱਜ ਬਾਜਵਾ ਨਾਲ ਆਏ ਨਜ਼ਰ
Publish Date: Wed, 21 Jan 2026 07:47 PM (IST)
Updated Date: Thu, 22 Jan 2026 04:13 AM (IST)
-ਬੋਲੇ ਸਭਰਵਾਲ ‘ਮੈਨੂੰ ਕੱਢਣ ਦੀ ਨਹੀਂ ਮਿਲੀ ਕੋਈ ਚਿੱਠੀ’
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦਾ ਸਾਥ ਦੇਣ ’ਤੇ ਕਾਂਗਰਸ ਵਿਚੋਂ ਕੱਢੇ ਸਾਬਕਾ ਪ੍ਰਧਾਨ ਰਵਿੰਦਰ ਫੀਨਾ ਸਭਰਵਾਲ ਅੱਜ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਨਜ਼ਰ ਆਏ। ਇਹੀ ਨਹੀਂ ਉਹ ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਦੇ ਭੋਗ ਮੌਕੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਮਿਲੇ। ਜਿਸ ਨੂੰ ਲੈ ਕੇ ਅੱਜ ਇਲਾਕੇ ਵਿਚ ਚਰਚਾ ਛਿੜੀ ਰਹੀ। ਬੁੱਧਵਾਰ ਨੂੰ ਜਗਰਾਓਂ ਦੇ ਹੀਰਾ ਬਾਗ ਵਿਖੇ ਸਾਬਕਾ ਪ੍ਰਧਾਨ ਰਾਜੇਸ਼ ਇੰਦਰ ਸਿੱਧੂ ਵੱਲੋਂ ਆਪਣੇ ਘਰ ਸਮਾਗਮ ਰੱਖਿਆ ਗਿਆ। ਜਿਸ ਵਿਚ ਕਾਂਗਰਸ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਆਗੂ ਪਹੁੰਚੇ ਸਨ।
ਇਸ ਸਮਾਗਮ ਵਿਚ ਸਟੇਜ ਤੇ ਬੀਤੇ ਦਿਨੀਂ ਕਾਂਗਰਸ ਵਿਚੋਂ ਕੱਢੇ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਵੀ ਉਨ੍ਹਾਂ ਨਾਲ ਨਜ਼ਰ ਆਏ। ਉਨ੍ਹਾਂ ਦੇ ਸਮਾਗਮ ਵਿਚ ਪਹੁੰਚਣ ’ਤੇ ਸਥਾਨਕ ਕਾਂਗਰਸ ਲੀਡਰਸ਼ਿਪ ਅਤੇ ਵਰਕਰਾਂ ਵਿਚ ਇਸ ਦੀ ਚਰਚਾ ਛਿੜ ਗਈ। ਜਿਸ ਨੂੰ ਲੈ ਕੇ ਵਿਰੋਧ ਵੀ ਸ਼ੁਰੂ ਹੋਇਆ। ਇਸ ’ਤੇ ਸਮਾਗਮ ਕਰਵਾਉਣ ਵਾਲੇ ਰਾਜੇਸ਼ ਇੰਦਰ ਸਿੱਧੂ ’ਤੇ ਵੀ ਕਿੰਤੂ ਪ੍ਰੰਤੂ ਹੋਇਆ, ਕਿਉਂਕਿ ਫੀਨਾ ਸਭਰਵਾਲ ਨੂੰ ਕੱਢਣ ਮੌਕੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਆਗੂਆਂ ਨਾਲ ਰਾਜੇਸ਼ ਇੰਦਰ ਸਿੱਧੂ ਵੀ ਬੈਠੇ ਸਨ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਫੀਨਾ ਸਭਰਵਾਲ ਨੂੰ ਆਪਣੇ ਸਮਾਗਮ ਵਿਚ ਸੱਦਣ ’ਤੇ ਸਥਾਨਕ ਲੀਡਰਸ਼ਿਪ ਖਫ਼ਾ ਹੈ। ਹਾਲਾਂਕਿ ਇਸ ਮਾਮਲੇ ਵਿਚ ਜਿੱਥੇ ਰਾਜੇਸ਼ ਇੰਦਰ ਸਿੱਧੂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਜਗਰਾਓਂ ਆਉਣ ਦਾ ਪ੍ਰੋਗਰਾਮ ਕਈ ਦਿਨ ਪਹਿਲਾਂ ਬਣਿਆ ਸੀ। ਜਿਸ ਦੀ ਤਿਆਰੀਆਂ ਵਿਚ ਉਨ੍ਹਾਂ ਨਾਲ ਫੀਨਾ ਸਭਰਵਾਲ ਵੀ ਲੱਗੇ ਹੋਏ ਸਨ।
ਹੁਣ ਜਦੋਂ ਸਥਾਨਕ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢਣ ਦਾ ਐਲਾਨ ਕਰ ਦਿੱਤਾ। ਅਜਿਹੇ ਵਿਚ ਉਹ ਆਪਣੇ ਵੱਲੋਂ ਕਿਸ ਤਰ੍ਹਾਂ ਸਮਾਗਮ ਵਿਚ ਆਉਣ ’ਤੇ ਬਾਹਰ ਭੇਜ ਸਕਦੇ ਹਨ। ਦੂਜੇ ਪਾਸੇ ਰਵਿੰਦਰ ਫੀਨਾ ਸਭਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ। ਸਥਾਨਕ ਲੀਡਰਸ਼ਿਪ ਨੇ ਚਾਹੇ ਐਲਾਨ ਕਰ ਦਿੱਤਾ ਹੈ। ਕੱਢਣ ਦੀ ਕਾਰਵਾਈ ਹਾਈਕਮਾਂਡ ਨੇ ਕਰਨੀ ਹੁੰਦੀ ਹੈ ਅਤੇ ਹਾਈਕਮਾਂਡ ਵੱਲੋਂ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਅੱਜ ਪਿੰਡ ਭੈਣੀ ਅਰਾਈਆਂ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੀ ਮੁਲਾਕਾਤ ਹੋਈ ਸੀ।