ਫੈਕਟਰੀ ’ਚੋਂ ਮੋਟਰਸਾਈਕਲ ਸਮੇਤ ਟਰੈਕਟਰ ਦੇ 800 ਪਾਰਟਸ ਚੋਰੀ
ਕੰਧ ਟੱਪ ਕੇ ਫੈਕਟਰੀ ‘ਚ ਵੜੇ ਲੁਟੇਰੇ, ਮੋਟਰਸਾਈਕਲ ਸਮੇਤ ਟਰੈਕਟਰ ਦੇ 800 ਪਾਰਟਸ ਚੋਰੀ
Publish Date: Fri, 27 Mar 2026 07:51 PM (IST)
Updated Date: Fri, 27 Mar 2026 07:53 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਇਲਾਕੇ ਜਸਪਾਲ ਬਾਂਗਰ ਵਿੱਚ ਬੇਖੌਫ ਨਕਾਬ ਪੋਸ਼ ਬਦਮਾਸ਼ਾਂ ਨੇ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਕੰਧ ਟੱਪ ਕੇ ਨੂਰ ਇੰਡਸਟਰੀਜ਼ ਵਿੱਚ ਦਾਖਲ ਹੋਏ ਦੋ ਨਕਾਬਪੋਸ਼ ਬਦਮਾਸ਼ਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਾਤਰ ਲੁਟੇਰੇ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਏ। ਫੈਕਟਰੀ ਮਾਲਕ ਦੇ ਮੁਤਾਬਕ ਲੁਟੇਰੇ ਉਨ੍ਹਾਂ ਦੀ ਫੈਕਟਰੀ ਵਿਚੋਂ ਟਰੈਕਟਰ ਦੇ 800 ਪਾਰਟਸ, ਮੋਟਰਸਾਈਕਲ ਅਤੇ ਹੋਰ ਸਾਮਾਨ ਲੈ ਗਏ। ਸ਼ਿਕਾਇਤਕਰਤਾ ਸਵਰਨ ਸਿੰਘ ਮੁਤਾਬਕ ਦੋਸ਼ੀ ਪੂਰੀ ਯੋਜਨਾ ਨਾਲ ਆਏ ਸਨ ਅਤੇ ਉਨ੍ਹਾਂ ਨੇ ਸਿੱਧਾ ਦਫਤਰ ਅਤੇ ਪ੍ਰੋਡਕਸ਼ਨ ਏਰੀਏ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਫੈਕਟਰੀ ਵਿਚ ਖੜ੍ਹੀ ਪਲੇਟੀਨਾ ਮੋਟਰਸਾਈਕਲ ਚੋਰੀ ਕਰ ਲਈ ਅਤੇ ਦਫਤਰ ਵਿਚੋਂ ‘ਏਸਰ’ ਕੰਪਨੀ ਦਾ ਲੈਪਟਾਪ ਵੀ ਲੈ ਗਏ। ਇਸ ਤੋਂ ਇਲਾਵਾ ਲਗਪਗ 800 ਟਰੈਕਟਰ ਸਪੇਅਰ ਪਾਰਟਸ, ਗਰਾਈਂਡਰ ਮਸ਼ੀਨ, ਵੱਡੀ ਡਰਿੱਲ ਮਸ਼ੀਨ ਅਤੇ ਸੀਐਨਸੀ ਟੂਲਿੰਗ ਦਾ ਮਹਿੰਗਾ ਸਮਾਨ ਵੀ ਚੋਰੀ ਕਰ ਲਿਆ ਗਿਆ। ਸਵੇਰੇ ਮਾਲਕ ਨੂੰ ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਹਨੇਵਾਲ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਹੈ।