ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ’ਚ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਕਰਾਉਂਦੀ ਅਹਿਸਾਸ : ਐੱਸਐੱਸਪੀ
ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਉਹਨਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਰਾਉਂਦੀ ਹੈ : ਐਸਐਸਪੀ ਡਾ. ਦਰਪਣ ਆਹਲੂਵਾਲੀਆ
Publish Date: Sat, 28 Feb 2026 06:46 PM (IST)
Updated Date: Sun, 01 Mar 2026 04:10 AM (IST)

ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਪੀ ਪੀਬੀਆਈ ਪਰਸ਼ੋਤਮ ਸਿੰਘ ਬੱਲ ਦੀ ਸੇਵਾਮੁਕਤੀ ’ਤੇ ਯਾਦਗਾਰ ਵਿਦਾਇਗੀ ਸਮਾਗਮ, ਸਮੂਹ ਪੁਲਿਸ ਸਟਾਫ ਵੱਲੋਂ ਦਿੱਤੀ ਗਈ ਭਾਵੁਕ ਵਿਦਾਈ ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਪੀ ਪੀਬੀਆਈ ਪਰਸ਼ੋਤਮ ਸਿੰਘ ਬੱਲ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਭਾਵੁਕ ਸਮਾਗਮ ਵਿੱਚ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸਟਾਫ ਨੇ ਹਾਜ਼ਰੀ ਭਰੀ ਅਤੇ ਸੇਵਾਮੁਕਤੀ ਮੌਕੇ ਅਧਿਕਾਰੀ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਖ਼ਾਸ ਤੌਰ ’ਤੇ ਪਹੁੰਚੇ ਤੇ ਉਨ੍ਹਾਂ ਨੇ ਐਸਪੀ ਪਰਸ਼ੋਤਮ ਸਿੰਘ ਬੱਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸਪੀ ਪਰਸ਼ੋਤਮ ਸਿੰਘ ਬੱਲ ਨੇ ਆਪਣੀ ਲੰਬੀ ਅਤੇ ਗੌਰਵਮਈ ਸੇਵਾ ਦੌਰਾਨ ਇਮਾਨਦਾਰੀ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਸਪੀ ਬੱਲ ਹਮੇਸ਼ਾ ਆਪਣੇ ਫਰਜ਼ਾਂ ਪ੍ਰਤੀ ਨਿਸ਼ਠਾਵਾਨ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਕਾਰਜਸ਼ੈਲੀ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਐੱਸਐੱਸਪੀ ਨੇ ਕਿਹਾ ਕਿ ਐਸ.ਪੀ ਬੱਲ ਦੀ ਸੇਵਾਮੁਕਤੀ ਪੁਲਿਸ ਵਿਭਾਗ ਲਈ ਇੱਕ ਵੱਡਾ ਘਾਟਾ ਵੀ ਹੈ, ਕਿਉਂਕਿ ਇਹੋ ਜਿਹੋ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਕਮੀ ਦਾ ਅਹਿਸਾਸ ਕਰਾਉਂਦੀ ਹੈ ਪਰ ਉਨ੍ਹਾਂ ਵੱਲੋਂ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮਾਗਮ ਦੌਰਾਨ ਐੱਸਪੀ ਐਚ ਹਰਪਿੰਦਰ ਕੌਰ ਗਿੱਲ, ਐੱਸਪੀ ਆਈ ਪਵਨ ਚੌਧਰੀ, ਡੀਐੱਸਪੀ ਆਈ ਮੋਹਿਤ ਸਿੰਗਲਾ, ਡੀਐੱਸਪੀ ਐੱਚ ਕਰਮਵੀਰ ਤੂਰ, ਡੀਐੱਸਪੀ ਨਾਰਕੋਟਿਕਸ ਕਰਮਜੀਤ ਸਿੰਘ ਗਰੇਵਾਲ, ਡੀਐਸਪੀ ਖੰਨਾ ਵਿਨੋਦ ਕੁਮਾਰ, ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਤੇ ਡੀਐੱਸਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਭ ਅਧਿਕਾਰੀਆਂ ਨੇ ਐੱਸਪੀ ਬੱਲ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਾਇਗੀ ਸਮਾਗਮ ਦੌਰਾਨ ਐਸਪੀ ਪਰਸ਼ੋਤਮ ਸਿੰਘ ਬੱਲ ਨੇ ਭਾਵੁਕ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ’ਚ ਬਿਤਾਇਆ ਹਰ ਪਲ ਉਨ੍ਹਾਂ ਲਈ ਯਾਦਗਾਰ ਰਿਹਾ ਹੈ। ਉਨ੍ਹਾਂ ਨੇ ਆਪਣੇ ਸਹਿਯੋਗੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਵਰਕ ਦੇ ਬਿਨਾਂ ਕੋਈ ਵੀ ਸਫਲਤਾ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਪੁਲਿਸ ਵਰਗੇ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਵਿਭਾਗ ’ਚ ਸੇਵਾ ਕਰਨ ਦਾ ਮੌਕਾ ਮਿਲਿਆ। ਸਮੂਹ ਸਟਾਫ ਵੱਲੋਂ ਐੱਸਪੀ ਬੱਲ ਨੂੰ ਯਾਦਗਾਰੀ ਚਿੰਨ੍ਹ ਤੇ ਹੋਰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਲੰਬੀ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਦੌਰਾਨ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਕਾਰਨ ਮਾਹੌਲ ਭਾਵੁਕ ਹੋ ਗਿਆ। ਕਈ ਕਰਮਚਾਰੀਆਂ ਦੀਆਂ ਅੱਖਾਂ ’ਚ ਜੁਦਾਈ ਦੇ ਹੰਝੂ ਵੀ ਨਜ਼ਰ ਆਏ, ਜੋ ਐਸਪੀ ਬੱਲ ਨਾਲ ਉਨ੍ਹਾਂ ਦੇ ਗਹਿਰੇ ਸਬੰਧਾਂ ਨੂੰ ਦਰਸਾਉਂਦੇ ਸਨ। ਅੰਤ ’ਚ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਐਸਪੀ ਪਰਸ਼ੋਤਮ ਸਿੰਘ ਬੱਲ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਸਦਾ ਯਾਦ ਰੱਖੀ ਜਾਵੇਗੀ ਤੇ ਉਨ੍ਹਾਂ ਦੀ ਕਾਰਜਸ਼ੈਲੀ ਭਵਿੱਖ ’ਚ ਪੁਲਿਸ ਵਿਭਾਗ ਲਈ ਮਾਰਗਦਰਸ਼ਕ ਬਣੀ ਰਹੇਗੀ। ਇਹ ਵਿਦਾਇਗੀ ਸਮਾਗਮ ਸਿਰਫ਼ ਇੱਕ ਅਧਿਕਾਰੀ ਦੀ ਸੇਵਾਮੁਕਤੀ ਨਹੀਂ, ਸਗੋਂ ਇਮਾਨਦਾਰੀ ਤੇ ਸਮਰਪਣ ਨੂੰ ਦਿੱਤਾ ਗਿਆ ਸਨਮਾਨ ਸੀ।