ਸਕੂਲ ਨੂੰ ਨਵੀਂ ਨੁਹਾਰ ਦੇਣ ਵਾਸਤੇ ਸ਼ਹੀਦ ਸੈਨਿਕ ਦਾ ਨਾਂ ਹਟਾਉਣਾ ਨਿੰਦਣਯੋਗ : ਬੈਨੀਪਾਲ
ਸਕੂਲ ਨੂੰ ਨਵੀਂ ਨੁਹਾਰ ਦੇਣ ਵਾਸਤੇ ਸ਼ਹੀਦ ਸੈਨਿਕ ਦਾ ਨਾਂ ਹਟਾਉਣਾ ਇੱਕ ਅਨੈਤਿਕ ਕੰਮ-ਬੈਨੀਪਾਲ
Publish Date: Sat, 28 Mar 2026 06:13 PM (IST)
Updated Date: Sat, 28 Mar 2026 06:14 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਮੈਬਰ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮਨਿੰਦਰਜੀਤ ਸਿੰਘ ਬੈਨੀਪਾਲ ਨੇ ਜਗਰਾਉਂ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਲੈਫ਼ਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਦੇ ਨਾਂ ਤੋਂ ਹਟਾਏ ਜਾਣ ਦੇ ਸਰਕਾਰੀ ਫ਼ੈਸਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹੀਦ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰਨਾ ਨਾ ਸਿਰਫ਼ ਉਸ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਸਗੋਂ ਸਮਾਜ ਲਈ ਵੀ ਅਣਮਨੁੱਖੀ ਤੇ ਦੁੱਖਦਾਈ ਕਦਮ ਹੈ। ਉਨ੍ਹਾਂ ਕਿਹਾ ਕਿ ਲੈਫ਼ਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਓਛਾਵਰ ਕੀਤੀ ਅਤੇ ਉਨ੍ਹਾਂ ਦੇ ਨਾਮ ‘ਤੇ ਸਕੂਲ ਦਾ ਨਾਂ ਰੱਖਣਾ ਸਿਰਫ਼ ਸਨਮਾਨ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਸੀ। “ਸਕੂਲ ਆਫ਼ ਐਮੀਨੈਂਸ” ਦੇ ਨਾਂ ਹੇਠ ਕੀਤੀ ਗਈ ਰੀਬ੍ਰਾਂਡਿੰਗ ਦੌਰਾਨ ਸ਼ਹੀਦ ਦਾ ਨਾਮ ਹਟਾਉਣਾ ਬਿਲਕੁਲ ਅਸਵੀਕਾਰਯੋਗ ਹੈ। ਬੈਨੀਪਾਲ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸਕੂਲ ਦਾ ਅਸਲ ਨਾਮ “ਸ਼ਹੀਦ ਲੈਫ਼ਟੀਨੈਂਟ ਮਨਪ੍ਰੀਤ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ” ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਸਾਡੀ ਇਤਿਹਾਸਿਕ ਵਿਰਾਸਤ ਅਤੇ ਸ਼ਹੀਦਾਂ ਦੀ ਯਾਦ ਨੂੰ ਸੰਭਾਲਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ‘ਤੇ ਜਲਦ ਸੰਵੇਦਨਸ਼ੀਲਤਾ ਨਹੀਂ ਦਿਖਾਈ ਗਈ ਤਾਂ ਸਮਾਜ ਦੇ ਵੱਖ-ਵੱਖ ਵਰਗ ਇਸ ਮਾਮਲੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਨ ਲਈ ਮਜ਼ਬੂਰ ਹੋਣਗੇ। ਯਾਦ ਰਹੇ ਕਿ ਪਿੱਛਲੇ ਸਮੇਂ ਲੁਧਿਆਣਾ ਦੇ ਭਾਰਤ ਨਗਰ ਚੌਕ ‘ਚੋ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਹਟਾਉਣ ਦਾ ਪਬਲਿਕ ਦੇ ਹਰੇਕ ਵਰਗ ਵਲੋਂ ਜ਼ੋਰਦਾਰ ਵਿਰੋਧ ਹੋਇਆ ਸੀ, ਜਿਸ ਦੇ ਮੱਦੇਨਜ਼ਰ ਲੁਧਿਆਣਾ ਪ੍ਰਸ਼ਾਸਨ ਨੂੰ ਮੁੜ ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਬੁੱਤ ਭਾਰਤ ਨਗਰ ਚੌਕ ‘ਚ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਸਿਰਫ਼ ਕਹਿਣ ਨਾਲ ਨਹੀਂ, ਸਗੋਂ ਅਮਲ ਨਾਲ ਹੋਣਾ ਚਾਹੀਦਾ ਹੈ ਅਤੇ ਇਹ ਸਰਕਾਰ ਲਈ ਇੱਕ ਅਹਿਮ ਮੌਕਾ ਹੈ ਕਿ ਉਹ ਆਪਣੀ ਗਲਤੀ ਨੂੰ ਠੀਕ ਕਰੇ।