ਪੁਲਿਸ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ : ਐੱਸਐੱਸਪੀ
ਐੱਸਐੱਸਪੀ ਡਾ. ਆਹਲੂਵਾਲੀਆ ਦੀ ਅਗਵਾਈ ’ਚ ਲਗਾਇਆ ਸਮਾਧਾਨ ਕੈਂਪ
Publish Date: Sat, 21 Mar 2026 09:50 PM (IST)
Updated Date: Sun, 22 Mar 2026 04:17 AM (IST)
ਪੁਲਿਸ-ਜਨਤਾ ਸਿੱਧਾ ਸੰਪਰਕ, ਸਮਾਧਾਨ ਕੈਂਪ ਬਣਿਆ ਭਰੋਸੇ ਦਾ ਕੇਂਦਰ, ਐੱਸਐੱਸਪੀ ਡਾ. ਆਹਲੂਵਾਲੀਆ ਦੀ ਅਗਵਾਈ ’ਚ ਲਗਾਇਆ ਸਮਾਧਾਨ ਕੈਂਪ, ਇੱਕੋ ਪਲੇਟਫਾਰਮ 'ਤੇ ਸੁਣਵਾਈ, ਖੰਨਾ ਪੁਲਿਸ ਦਾ ਨਵਾਂ ਉਪਰਾਲਾ ਕਾਬਿਲ-ਏ-ਤਾਰੀਫ਼
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਖੰਨਾ ਪੁਲਿਸ ਪ੍ਰਸ਼ਾਸਨ ਵੱਲੋਂ ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ’ਚ ਏਐੱਸ ਕਾਲਜ ਵੂਮੈਨ ਖੰਨਾ ਵਿਖੇ ਦੂਜਾ ਜ਼ਿਲਾ ਪੱਧਰੀ ਸਮਾਧਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪੁਲਿਸ ਜ਼ਿਲ੍ਹਾ ਖੰਨਾ ਦੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਤੇ ਐੱਸਐੱਸਪੀ ਖੰਨਾ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਮਾਂਬੱਧ ਜਾਂਚ ਕਰਕੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਖੰਨਾ ਪੁਲਿਸ ਜਨਤਾ ਦੇ ਨਾਲ ਖੜੀ ਹੈ ਅਤੇ ਹਰ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪਹਿਲ ਨਾ ਸਿਰਫ਼ ਲੰਬਿਤ ਸ਼ਿਕਾਇਤਾਂ ਦਾ ਹੱਲ ਕਰ ਰਹੀ ਹੈ ਸਗੋਂ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧਾ ਰਹੀ ਹੈ। ਐੱਸਐੱਸਪੀ ਆਹਲੂਵਾਲੀਆ ਨੇ ਦੱਸਿਆ ਕਿ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪੁਲਿਸ ਸਟੇਸ਼ਨਾਂ ਅਤੇ ਸਬ-ਡਿਵੀਜ਼ਨ ਪੱਧਰ 'ਤੇ 'ਸਮਾਧਾਨ ਕੈਂਪ' ਲਗਾਤਾਰ ਲੱਗਦੇ ਰਹਿੰਦੇ ਹਨ ਪਰ ਅੱਜ ਜ਼ਿਲਾ ਪੱਧਰੀ ਸਮਾਧਾਨ ਕੈਂਪ ਲਗਾਇਆ ਗਿਆ ਹੈ।
ਇਸ ਕੈਂਪ ’ਚ ਲੋਕਾਂ ਨਾਲ ਸਿੱਧਾ ਰਾਬਤਾ (ਸੰਪਰਕ) ਹੁੰਦਾ ਹੈ। ਪੁਲਿਸ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ, ਕਾਨੂੰਨ ਅਨੁਸਾਰ ਕਾਰਵਾਈ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ। ਇਸ ਕੈਂਪ ਦੇ ਕਈ ਫਾਇਦੇ ਵੀ ਹੁੰਦੇ ਹਨ ਜਿਸ ਵਿੱਚ ਇੱਕੋ ਪਲੇਟਫਾਰਮ 'ਤੇ ਦੋਨੋਂ ਪਾਰਟੀਆਂ ਦੀ ਸੁਣਵਾਈ ਹੁੰਦੀ ਹੈ। ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਸਾਹਮਣੇ ਆਉਂਦੀ ਹੈ। ਦਰਖਾਸਤਕਾਰ ਨੂੰ ਵੱਖ-ਵੱਖ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਇੱਕੋ ਪਲੇਟਫਾਰਮ 'ਤੇ ਸੰਬੰਧਿਤ ਸਮੱਸਿਆ/ਸ਼ਿਕਾਇਤ ਦਾ ਨਿਪਟਾਰਾ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਸੁਪਰਵਾਈਜ਼ਰੀ ਅਫਸਰ, ਐੱਸਐੱਚਓ, ਚੌਂਕੀ ਇੰਚਾਰਜ ਅਤੇ ਤਫਤੀਸ਼ੀ ਅਫਸਰ ਇਕੱਠੇ ਬੈਠ ਕੇ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਹਨ। ਸੁਪਰਵਾਈਜ਼ਰੀ ਅਫਸਰਾਂ ਵੱਲੋਂ ਦਿੱਤੇ ਜਰੂਰੀ ਦਿਸ਼ਾ-ਨਿਰਦੇਸ਼ ਅਤੇ ਹਦਾਇਤਾਂ ਮੌਕੇ 'ਤੇ ਹੀ ਲਾਗੂ ਕਰਨੀਆਂ ਯਕੀਨੀ ਬਣਾਈਆ ਜਾਂਦੀਆਂ ਹਨ। ਸੋ ਖੰਨਾ ਪੁਲਿਸ ਦਾ ਇਹ ਉਪਰਾਲਾ ਕਾਫੀ ਲਾਭਦਾਇਕ ਰਿਹਾ ਹੈ। ਇਸ ਲਈ ਅਸੀਂ ਇਹ ਕੈਂਪ ਲਗਾਤਾਰ ਲਗਾਉਂਦੇ ਰਹਾਂਗੇ।