ਰਾਏਕੋਟ ਸ਼ਹਿਰ ਤੋਂ ਦੂਰ ਬਲਾਕ ਦਫ਼ਤਰ ਪਹੁੰਚਣਾ ਹੋਇਆ ‘ਔਖਾ’
ਰਾਏਕੋਟ ਸ਼ਹਿਰ ਤੋਂ ਦੂਰ ਬਲਾਕ ਦਫ਼ਤਰ ਪਹੁੰਚਣਾ ਹੋਇਆ ‘ਔਖਾ’
Publish Date: Tue, 20 Jan 2026 07:47 PM (IST)
Updated Date: Wed, 21 Jan 2026 04:18 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਸ਼ਹਿਰ ਤੋਂ ਦੂਰ ਬਦਲ ਕੇ ਸਥਾਪਤ ਕੀਤੇ ਬੀਡੀਪੀਓ ਦਫ਼ਤਰ ’ਚ ਪਹੁੰਚਣਾ ਆਮ ਲੋਕਾਂ ਲਈ ਵੱਡੀ ਮੁਸੀਬਤ ਬਣਿਆ। ਪਹਿਲਾਂ ਇਹ ਦਫ਼ਤਰ ਸ਼ਹਿਰ ਵਿਚ ਹੋਣ ’ਤੇ ਹਰ ਕਿਸੇ ਨੂੰ ਲੋੜ ਪੈਣ ’ਤੇ ਆਉਣਾ ਜਾਣਾ ਸੌਖਾਲਾ ਸੀ ਪਰ ਹੁਣ ਇਸ ਨੂੰ ਸ਼ਹਿਰ ਤੋਂ ਬਾਹਰ ਦੂਰ ਸ਼ਿਫਟ ਕਰ ਦਿੱਤਾ ਗਿਆ। ਜਿਥੇ ਆਮ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਪਰੇਸ਼ਾਨੀ ਆਉਂਦੀ ਹੈ। ਕੁਝ ਸਾਲ ਪਹਿਲਾਂ ਸ਼ਹਿਰ ਦੇ ਬੀਡੀਪੀਓ ਦਫ਼ਤਰ ਨੂੰ ਸ਼ਹਿਰ ਤੋਂ ਕਾਫ਼ੀ ਦੂਰ ਪਿੰਡ ਬੁੁਰਜ ਹਰੀ ਸਿੰਘ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਪਿੰਡ ਰਾਏਕੋਟ ਤੋਂ ਕਾਫੀ ਦੂਰ ਹੈ, ਜਿਸ ਕਾਰਨ ਆਮ ਲੋਕਾਂ ਲਈ ਇਹ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਤਬਦੀਲੀ ਨਾਲ ਸਭ ਤੋਂ ਵੱਧ ਪਰੇਸ਼ਾਨੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਹੋ ਰਹੀ ਹੈ। ਬਹੁਤ ਸਾਰੇ ਲੋਕਾਂ ਕੋਲ ਆਪਣੀ ਗੱਡੀ ਨਹੀਂ ਹੁੰਦੀ। ਉਹ ਪੈਦਲ ਜਾਣ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਦੂਰੀ ਜ਼ਿਆਦਾ ਹੈ ਅਤੇ ਮੌਸਮ ਵੀ ਕਈ ਵਾਰ ਮੁੁਸ਼ਕਲ ਬਣ ਜਾਂਦਾ ਹੈ। ਰਿਕਸ਼ਾ ਜਾਂ ਆਟੋ ਲੈਣਾ ਪੈਂਦਾ ਹੈ, ਜਿਸ ਨਾਲ ਖਰਚਾ ਵਧ ਜਾਂਦਾ ਹੈ। ਕਈ ਵਾਰ ਤਾਂ ਲੋਕਾਂ ਨੂੰ ਬੱਸ ਜਾਂ ਹੋਰ ਸਾਧਨਾਂ ਦੀ ਲੋੜ ਪੈਂਦੀ ਹੈ, ਜੋ ਸਮਾਂ ਵੀ ਬਹੁਤ ਲੈ ਲੈਂਦੇ ਹਨ। ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਲਈ ਤਾਂ ਇਹ ਹਾਲਾਤ ਹੋ ਵੀ ਔਖੇ ਹੋ ਗਏ ਹਨ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਸੁਧਾਰ ਤੇ ਪੱਖੋਵਾਲ ਬਲਾਕ ਨੂੰ ਵੀ ਇਸੇ ਦਫ਼ਤਰ ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਬਲਾਕਾਂ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਮੁਸੀਬਤ ਹੋਰ ਵਧ ਗਈ ਹੈ। ਉਹਨਾਂ ਨੂੰ ਹੁਣ ਵੀ ਜ਼ਿਆਦਾ ਦੂਰੀ ਤੈਅ ਕਰਨੀ ਪੈ ਰਹੀ ਹੈ, ਜਿਸ ਨਾਲ ਉਨਹਾਂ ਦਾ ਸਮਾਂ, ਪੈਸਾ ਅਤੇ ਮਿਹਨਤ ਵਿਅਰਥ ਜਾ ਰਹੀ ਹੈ। ਰਾਏਕੋਟ ਦੇ ਬੀਡੀਪੀਓ ਮਨਜੀਤ ਸਿੰਘ ਨੇ ਮੰਨਿਆ ਕਿ ਆਮ ਲੋਕਾਂ ਨੂੰ ਦਫ਼ਤਰ ਤਕ ਪਹੁੰਚਣ ਵਿੱਚ ਜ਼ਰੂਰ ਸਮੱਸਿਆ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦਫ਼ਤਰ ਆਮ ਲੋਕਾਂ ਦੀ ਸੌਖੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਇੰਨੀ ਦੂਰੀ ਪੈਦਲ ਆਉਣਾ ਸੰਭਵ ਨਹੀਂ ਹੁੰਦਾ।