ਪੀਏਯੂ ਕਿਸਾਨ ਮੇਲੇ ’ਤੇ ਤਰਕਸ਼ੀਲ ਸਾਹਿਤ ਦਾ ਲਾਇਆ ਸਟਾਲ
ਤਰਕਸ਼ੀਲ ਸੁਸਾਇਟੀ ਨੇ ਪੀਏਯੂ ਕਿਸਾਨ ਮੇਲੇ ’ਤੇ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ
Publish Date: Fri, 20 Mar 2026 07:11 PM (IST)
Updated Date: Fri, 20 Mar 2026 07:13 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਲੁਧਿਆਣਾ ਵਿਖੇ ਲੱਗੇ ਦੋ ਦਿਨਾਂ ਕਿਸਾਨ ਮੇਲੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਆਪਣੀ ਤਰਕਸ਼ੀਲ ਤੇ ਅਗਾਂਹ ਵਧੂ ਸਾਹਿਤ ਦੀ ਸਟਾਲ ਰਾਹੀਂ ਤਰਕਸ਼ੀਲ ਵਿਚਾਰਾਂ ਦਾ ਛਿੱਟਾ ਦਿੱਤਾ। ਇਸ ਦਿਨ ਭਾਵੇਂ ਮੌਸਮ ਦੀ ਖ਼ਰਾਬੀ ਕਾਰਨ ਲੋਕਾਂ ਦੀ ਆਮਦ ਪਹਿਲਾਂ ਦੇ ਮੁਕਾਬਲੇ ਘੱਟ ਰਹੀ, ਪਰ ਚੰਗਾ ਸਾਹਿਤ ਖ਼ਰੀਦਣ ਵਿੱਚ ਚੰਗੀ ਰੁੱਚੀ ਵਿਖਾਈ। ਪਾਠਕਾਂ ਵੱਲੋਂ ਸੁਸਾਇਟੀ ਦੇ ਤਰਕਸ਼ੀਲ ਮੈਗਜ਼ੀਨ ਦੇ ਸਾਲਾਨਾ ਚੰਦੇ ਵੀ ਉਤਸ਼ਾਹ ਨਾਲ ਭਰੇ। ਤਰਕਸ਼ੀਸ ਸੁਸਾਇਟੀ ਪੰਜਾਬ ਦੀ ਲੁਧਿਆਣਾ ਇਕਾਈ ਵੱਲੋਂ ਇਸ ਸਟਾਲ ਵਿੱਚ ਲਾਈ ਤਰਕਸ਼ੀਲ ਪ੍ਰਦਰਸ਼ਨੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਸਫ਼ਲ ਰਹੀ, ਜਿਸ ਵਿੱਚ ਸੁਸਾਇਟੀ ਵੱਲੋਂ ਮਾਨਸਿਕ ਰੋਗੀਆਂ ਦੇ ਲਾਏ ਗਏ ਤਵੀਜ ਅਤੇ ਵੱਖ-ਵੱਖ ਵਿਗਿਆਨੀਆਂ, ਸਮਾਜ ਚਿੰਤਕਾਂ ਦੀਆਂ ਲਿਖਤਾਂ ਵਾਲੇ ਚਾਰਟ ਦਿਲਚਸਪ ਬਣੇ ਰਹੇ। ਤਰਕਸ਼ੀਲ ਸਾਹਿਤ ਵੈਨ ਦੇ ਪ੍ਰਬੰਧਕ ਮੋਹਨ ਬਡਲਾ ਅਤੇ ਜਸਵੀਰ ਸੋਨੀ ਵੱਲੋਂ ਕਿਤਾਬਾਂ ਦਾ ਭੰਡਾਰ ਲਿਆ ਕੇ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਤਰਕਸ਼ੀਲ ਜ਼ੋਨ ਲੁਧਿਆਣਾ ਦੇ ਜੱਥੇਬੰਦਕ ਮੁਖੀ ਜਸਵੰਤ ਜ਼ੀਰਖ, ਵਿੱਤ ਮੁਖੀ ਧਰਮਪਾਲ ਸਿੰਘ, ਇਕਾਈ ਮੁਖੀ ਬਲਵਿੰਦਰ ਸਿੰਘ, ਰਾਕੇਸ਼ ਆਜ਼ਾਦ, ਦੀਪ ਦਿਲਬਰ, ਸਤੀਸ਼ ਸਚਦੇਵਾ ਨੇ ਸਮੁੱਚੇ ਪ੍ਰਬੰਧਾਂ ਲਈ ਜ਼ਿੰਮੇਵਾਰੀ ਨਿਭਾਈ।