ਤਰਕਸ਼ੀਲ ਸੁਸਇਟੀ ਪੰਜਾਬ ਵੱਲੋਂ ਤਰਕਸ਼ੀਲ ਅੰਕ ਲੋਕ ਅਰਪਣ
ਤਰਕਸ਼ੀਲ ਸੁਸਇਟੀ ਪੰਜਾਬ ਵੱਲੋਂ ਮੀਟਿੰਗ ’ਚ ਨਵਾਂ ਤਰਕਸ਼ੀਲ ਅੰਕ ਲੋਕ ਅਰਪਣ
Publish Date: Sun, 08 Mar 2026 06:24 PM (IST)
Updated Date: Mon, 09 Mar 2026 04:09 AM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਤਰਕਸ਼ੀਲ ਸੁਸਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦਫ਼ਤਰ ਵਿਖੇ ਜੱਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ। ਮੀਟਿੰਗ ਵਿੱਚ ਜ਼ੋਨ ਵਿਭਾਗੀ ਮੁਖੀਆਂ ਦੇ ਨਾਲ ਹੀ ਜ਼ੋਨ ਨਾਲ ਸਬੰਧਤ ਇਕਾਈਆਂ ਦੇ ਮੁਖੀਆਂ/ ਨਮਾਇੰਦਿਆਂ ਨੇ ਭਾਗ ਲਿਆ। ਇਸ ਸਮੇਂ ਤਰਕਸ਼ੀਲ ਸੁਸਾਇਟੀ ਦਾ ਪੰਜਾਬੀ ਤਰਕਸ਼ੀਲ ਮੈਗਜ਼ੀਨ ਰਿਲੀਜ ਕਰਕੇ ਇਕਾਈਆ ਨੂੰ ਵੰਡਿਆ ਗਿਆ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਇਸ ਸਮੇਂ ਸੂਬਾ ਵਰਕਿੰਗ ਕਮੇਟੀ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਦੀ ਰਿਪੋਰਟ ’ਤੇ ਚਰਚਾ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਿਖੇ ਹੋ ਰਹੇ ਦੋ ਰੋਜ਼ਾ (20-21 ਮਾਰਚ) ਕਿਸਾਨ ਮੇਲੇ ਵਿੱਚ ਤਰਕਸ਼ੀਲ ਸਟਾਲ ਲਗਾਉਣ ਦਾ ਫੈਸਲਾ ਲਿਆ, ਜਿਸ ਵਿੱਚ ਸਾਰੀਆਂ ਇਕਾਈਆ ਦੇ ਮੈਂਬਰਾਂ ਦੀ ਵਲੰਟੀਅਰਾਂ ਵਜੋਂ ਜ਼ਿੰਮੇਵਾਰੀ ਨਿਭਾਉਣ ਲਈ ਡਿਊਟੀਆਂ ਲਗਾਈਆਂ ਗਈਆਂ। ਤਕਰਸ਼ੀਲ ਆਗੂ ਕੈਨੇਡਾ ਅਵਤਾਰ ਸਿੰਘ ‘ਬਾਈ’ ਵੱਲੋਂ 20 ਮਾਰਚ ਨੂੰ ਕਰਵਾਏ ਜਾ ਰਹੇ ‘ਜੱਗ ਜਿਉਂਦਿਆਂ ਦੇ ਮੇਲੇ’ ਦੀ ਪ੍ਰਸੰਸਾ ਕਰਦਿਆਂ ਸਾਰੀਆਂ ਇਕਾਈਆਂ ਵੱਲੋਂ ਇਸ ਵਿੱਚ ਸ਼ਿਰਕਤ ਕਰਨਾ ਤਹਿ ਕੀਤਾ ਗਿਆ। ਮੌਜੂਦਾ ਸਮੇਂ ਅੰਦਰ ਸਮਾਜ ਦਾ ਇੱਕੀਵੀਂ ਸਦੀ ਵਿੱਚ ਪਹੁੰਚਣ ’ਤੇ ਵੀ, ਆਮ ਲੋਕਾਂ ਦੇ ਅੰਧਵਿਸ਼ਵਾਸੀ ਵਿਚਾਰਾਂ ਨੂੰ ਬਣਾਈ ਰੱਖਣ ਲਈ ਵੱਡੇ ਡੇਰੇਦਾਰ ਬਾਬਿਆਂ ਨਾਲ ਸਰਕਾਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ’ਤੇ ਚਿੰਤਾ ਜ਼ਾਹਰ ਕੀਤੀ ਗਈ। ਆਪਣੇ ‘ਕਾਰਨਾਮਿਆਂ’ ਦੀ ਸਜ਼ਾ ਭੁਗਤ ਰਹੇ ਜੇਲ੍ਹੀਂ ਬੰਦ ਬਾਬਿਆਂ ਨੂੰ ਵੋਟਾਂ ਵੇਲੇ ਪੈਰੋਲ ‘ਤੇ ਛੱਡਣ ਦੀ ਨੀਤੀ ਦਾ ਵੀ ਖੰਡਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜ਼ੋਨ ਮੁਖੀ ਤੋਂ ਇਲਾਵਾ ਧਰਮਪਾਲ ਸਿੰਘ, ਸਮਸ਼ੇਰ ਨੂਰਪੁਰੀ, ਇਕਾਈ ਮੁਖੀ ਧਰਮ ਸਿੰਘ ਸੂਜਾਪੁਰ, ਮਾਸਟਰ ਕਰਨੈਲ ਸਿੰਘ (ਦੋਵੇਂ ਸੁਧਾਰ ਇਕਾਈ), ਬਲਵਿੰਦਰ ਸਿੰਘ (ਲੁਧਿਆਣਾ ਮੁਖੀ), ਕਰਤਾਰ ਵੀਰਾਨ (ਜਗਰਾਓਂ ਮੁਖੀ), ਪੂਰਨ ਸਿੰਘ (ਮਲੇਰਕੋਟਲ਼ਾ ਮੁਖੀ), ਦੀਪ ਦਿਲਬਰ (ਕੋਹਾੜਾ ਇਕਾਈ) ਆਦਿ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ।