ਲੁਧਿਆਣਾ ਦੇ ਵਪਾਰੀ ਕੋਲੋਂ ਮੰਗੀ ਇਕ ਕਰੋੜ ਦੀ ਫਿਰੌਤੀ
ਲੁਧਿਆਣਾ ਦੇ ਵਪਾਰੀ ਕੋਲੋਂ ਮੰਗੀ ਇਕ ਕਰੋੜ ਦੀ ਫਿਰੌਤੀ
Publish Date: Sat, 14 Feb 2026 08:03 PM (IST)
Updated Date: Sat, 14 Feb 2026 08:06 PM (IST)

ਵਿਦੇਸ਼ੀ ਨੰਬਰ ਤੋਂ ਧਮਕੀ ਲੁਧਿਆਣਾ ਦੇ ਵਪਾਰੀ ਕੋਲੋਂ ਮੰਗੀ ਇਕ ਕਰੋੜ ਦੀ ਫਿਰੌਤੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਲੁਧਿਆਣਾ ਦੇ ਇੱਕ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਕੀ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਾਰੋਬਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ ਪੌਣੇ 7 ਵਜੇ ਦੇ ਕਰੀਬ ਉਹ ਆਪਣੇ ਘਰ ਵਿੱਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਆਈ। ਕਾਲ ਦੇ ਜ਼ਰੀਏ ਗੱਲ ਨਹੀਂ ਹੋ ਸਕੀ ਅਤੇ ਫੋਨ ਕੱਟਿਆ ਗਿਆ। ਕਾਲ ਕੱਟਣ ਦੇ ਤੁਰੰਤ ਬਾਅਦ ਕਾਰੋਬਾਰੀ ਨੂੰ ਇੱਕ ਮੈਸੇਜ ਆਇਆ ਜਿਸ ਵਿੱਚ ਇਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਬਦਮਾਸ਼ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਕਾਰੋਬਾਰੀ ਨੂੰ ਇਹ ਆਖਿਆ ਸੀ ਕਿ ਤੁਰੰਤ ਇੱਕ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇ। ਉਸ ਨੇ ਧਮਕੀ ਦਿੱਤੀ ਕਿ ਰੁਪਏ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਵਿਦੇਸ਼ ਵਿੱਚ ਰਹਿੰਦਾ ਹੈ ਕਾਰੋਬਾਰੀ ਦਾ ਪਰਿਵਾਰ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪਹਿਲਾਂ ਵਾਟਰ ਪਲਾਂਟ ਦਾ ਕਾਰੋਬਾਰ ਕਰਦਾ ਸੀ। ਇਸ ਵੇਲੇ ਉਹ ਲੁਧਿਆਣਾ ਵਿੱਚ ਰਹਿੰਦਾ ਹੈ ਜਦਕਿ ਉਸ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਵੱਸ ਰਿਹਾ ਹੈ। ਮਾਮਲੇ ਦੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਸ਼ਰਾਭਾ ਨਗਰ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੋ ਪੱਖਾਂ ਦੀ ਜਾਂਚ ਕਰ ਰਹੀ ਹੈ ਕਿ ਇਸ ਧਮਕੀ ਦੇ ਪਿੱਛੇ ਕਿਸੇ ਅੰਤਰਰਾਸ਼ਟਰੀ ਗੈਂਗਸਟਰ ਦਾ ਹੱਥ ਹੈ ਜਾਂ ਫਿਰ ਕਿਸੇ ਸ਼ਰਾਰਤੀ ਵਿਅਕਤੀ ਨੇ ਵਰਚੁਅਲ ਵਿਦੇਸ਼ੀ ਨੰਬਰ ਦੀ ਵਰਤੋਂ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਲਗਾਤਾਰ ਵਾਪਰ ਰਹੀਆਂ ਹਨ ਫਿਰੌਤੀ ਦੀਆਂ ਘਟਨਾਵਾਂ ਇਹ ਕੋਈ ਨਵਾਂ ਮਾਮਲਾ ਨਹੀਂ ਲੁਧਿਆਣਾ ਵਿੱਚ ਲਗਾਤਾਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਗੈਂਗਸਟਰਾਂ ਦੇ ਨਾਮ ਤੇ ਧਮਕੀਆਂ ਦੇ ਕੇ ਕਾਰੋਬਾਰੀਆਂ ਕੋਲੋਂ ਫਿਰੌਤੀ ਮੰਗੀ ਜਾ ਰਹੀ। ਬੀਤੀ 10 ਜਨਵਰੀ ਨੂੰ ਬਾੜੇਵਾਲ ਵਿੱਚ ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਆਈਟੀਬੀਪੀ ਕੈਂਪ ਦੇ ਸਾਹਮਣੇ ਸਥਿਤ ਇੱਕ ਲਗਜ਼ਰੀ ਕਾਰ ਰੈਂਟਲ ਸ਼ੋਅਰੂਮ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਘਟਨਾ ਤੋਂ ਦੋ ਘੰਟਿਆਂ ਬਾਅਦ ਸ਼ੋਅਰੂਮ ਦੇ ਮਾਲਕ ਨੂੰ ਫੋਨ ਕਰਕੇ ਦੋ ਕਰੋੜ ਰੁਪਏ ਦੀ ਧਮਕੀ ਦੀ ਮੰਗ ਕੀਤੀ ਗਈ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਗੰਭੀਰ ਨਤੀਜਾ ਭੁਗਤਨ ਦੀ ਗੱਲ ਆਖੀ ਗਈ। ਇਸੇ ਤਰ੍ਹਾਂ 6 ਜਨਵਰੀ ਨੂੰ ਇੱਕ ਕਾਰੋਬਾਰੀ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਕਾਲਰ ਨੇ ਆਪਣੇ ਆਪ ਨੂੰ ਹੈਰੀ ਬੋਕਸਰ ਦੱਸਿਆ ਅਤੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਤੁਰੰਤ ਕਾਰਵਾਈ ਕਰਦਿਆਂ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। 12 ਦਸੰਬਰ ਨੂੰ ਸਮਰਾਲਾ ਚੌਂਕ ਦੇ ਲਾਗੇ ਪੁਲਿਸ ਨੇ ਗੈਂਗਸਟਰ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਮੁਲਜ਼ਮ ਤੇ ਦੋਸ਼ ਸੀ ਕਿ ਉਸ ਨੇ ਸ਼ਹਿਰ ਦੇ ਇੱਕ ਸੁਨਿਆਰੇ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। 5 ਜਨਵਰੀ ਦੀ ਰਾਤ ਨੂੰ ਸਿਵਿਲ ਸਿਟੀ ਇਲਾਕੇ ਵਿੱਚ ਇੱਕ ਬੰਦ ਰੈਡੀਮੈਂਟ ਗੌਰਮੈਂਟ ਸ਼ੋਅਰੂਮ ਤੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਸ਼ੋਅਰੂਮ ਦੇ ਮਾਲਕ ਹਿਮਾਂਸ਼ੂ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਈ ਜਿਸ ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਕਾਲਰ ਨੇ ਖੁਦ ਨੂੰ ਗੈਂਗਸਟਰ ਰੋਹਿਤ ਗਦਾਰਾ ਨਾਲ ਜੁੜਿਆ ਦੱਸਿਆ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਫਿਰੋਜ਼ਪੁਰ ਜੇਲ ਤੋਂ ਗੈਂਗਸਟਰ ਸ਼ੁਭਮ ਗਰੋਵਰ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ। ਲਗਾਤਾਰ ਵੱਧ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਲੁਧਿਆਣਾ ਦੇ ਕਾਰੋਬਾਰੀ ਵਰਗ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲਿਆਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।