ਮੀਂਹ ਤੇ ਗੜ੍ਹੇਮਾਰੀ ਨੇ ਵਧਾਈ ਠੰਡ, ਪਾਣੀ ਪਾਣੀ ਹੋਇਆ ਮਹਾਨਗਰ
ਮੰਗਲਵਾਰ ਨੂੰ ਪਏ ਮੀਂਹ ਅਤੇ ਗੜ੍ਹੇਮਾਰੀ ਨੇ ਵਧਾਈ ਠੰਡ, ਪਾਣੀ ਪਾਣੀ ਹੋਇਆ ਮਹਾਂਨਗਰ, ਆਵਾਜਾਈ ’ਚ ਪਿਆ ਵਿਘਨ
Publish Date: Tue, 27 Jan 2026 06:45 PM (IST)
Updated Date: Wed, 28 Jan 2026 04:08 AM (IST)

ਆਵਾਜਾਈ ’ਚ ਪਿਆ ਵਿਘਨ, ਪੈ ਸਕਦੀ ਸੰਘਣੀ ਧੁੰਦ ਤੇ ਮੀਂਹ ਦੀ ਅਜੇ ਹੋਰ ਕੋਈ ਸੰਭਾਵਨਾ ਨਹੀਂ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਮਹਾਂਨਗਰ ’ਚ ਪਏ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਠੰਡ ਵਿੱਚ ਵਾਧਾ ਕੀਤਾ ਉੱਥੇ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ। ਸਵੇਰ ਤੋਂ ਹੀ ਬੱਦਲਾਵਾਈ ਛਾਈ ਰਹੀ, ਠੰਡੀਆਂ ਹਵਾਵਾਂ ਨਾਲ ਸ਼ੀਤ ਲਹਿਰ ਵੀ ਜਾਰੀ ਰਹੀ। ਦੁਪਹਿਰ ਬਾਅਦ ਸ਼ੁਰੂ ਹੋਇਆ ਮੀਂਹ ਕਾਫੀ ਸਮਾਂ ਜਾਰੀ ਰਿਹਾ। ਕਿਣਮਿਣ ਵੀ ਹੁੰਦੀ ਰਹੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਹਾਂਨਗਰ ਵਿੱਚ ਦੁਪਿਹਰ 2.30 ਵਜੇ ਤੱਕ 3.2 ਐੱਮਐੱਮ ਮੀਂਹ ਪਿਆ। ਮੌਸਮ ਵਿਭਾਗ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.8 ਅਤੇ ਘੱਟ ਤੋਂ ਘੱਟ 10.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਡਾ. ਕਿੰਗਰਾ ਨੇ ਇਹ ਦੱਸਿਆ ਕਿ ਅਜੇ ਹੋਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਦ ਕਿ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਅਤੇ ਠੰਡਾ ਰਹਿਣ ਦੀ ਸੰਭਾਵਨਾ ਹੈ। ਸੂਰਜ ਚੜ੍ਹਨ ਦਾ ਸਮਾਂ ਸਵੇਰੇ 7 ਵੱਜ ਕੇ 21 ਮਿੰਟ ਦਾ ਹੈ ਜਦ ਕਿ ਛਿਪਣ ਦਾ ਸਮਾਂ ਸ਼ਾਮ 5 ਵੱਜ ਕੇ 57 ਮਿੰਟ ਹੈ। ਦੁਜੇ ਪਾਸੇ ਇਸ ਮੀਂਹ ਨੇ ਜਨਜੀਵਨ ਅਸਤ ਵਿਅੱਸਤ ਕਰ ਕੇ ਰੱਖ ਦਿੱਤਾ। ਕਈ ਇਲਾਕਿਆਂ ਦੀ ਬਿਜਲੀ ਵੀ ਠੱਪ ਰਹੀ। ਸੜਕਾਂ ਅਤੇ ਗਲੀਆਂ ਵਿੱਚ ਭਰੇ ਪਾਣੀ ਨੇ ਆਵਾਜਾਈ ਵਿੱਚ ਵੀ ਵਿਘਨ ਪਾਇਆ। ਖਰਾਬ ਮੌਸਮ ਦੌਰਾਨ ਜਿੱਥੇ ਚਾਰ ਪਹੀਆ ਵਾਹਨ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਦੇ ਰਹੇ ਉੱਥੇ ਕਈ ਦੋ ਪਹੀਆ ਵਾਹਨ ਚਾਲਕਾਂ ਦੇ ਵਾਹਨ ਬੰਦ ਹੋਣ ਕਾਰਨ ਉਹ ਪਰੇਸ਼ਾਨ ਵੇਖੇ ਗਏ। ਮਾਹਿਰਾਂ ਨੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਜਰੂਰੀ ਹੋਣ ਤੇ ਹੀ ਘਰਾਂ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਹੈ। ਮੀਂਹ ਤੋਂ ਬਾਅਦ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਨੇ ਠੰਡ ਵਿੱਚ ਵਾਧਾ ਕਰ ਦਿੱਤਾ। -ਬੇਮੌਸਮੀ ਬਰਸਾਤ ਤੇ ਗੜ੍ਹੇਮਾਰੀ ਕਾਰਨ ਕਣਕ, ਸਰੋਂ ਤੇ ਆਲੂਆਂ ਦੀ ਫ਼ਸਲ ਦਾ ਭਾਰੀ ਹੋਇਆ ਨੁਕਸਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੁਰਦੀਪ ਸਿੰਘ ਬਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਪਹਿਲਾਂ ਹੀ ਸਰਕਾਰਾਂ ਦੀ ਕਿਸਾਨੀ ਪ੍ਰਤੀ ਬੇਰੁਖੀ ਅਤੇ ਲਗਾਤਾਰ ਕਈ ਫਸਲਾਂ ਵਿੱਚ ਪਏ ਘਾਟੇ ਕਾਰਨ ਆਰਥਿਕ ਤੌਰ ਤੇ ਟੁੱਟ ਚੁੱਕੇ ਹਨ ਅਤੇ ਮੌਜੂਦਾ ਸਮੇਂ ਥੋੜੇ ਥੋੜੇ ਵਕਫੇ ਨਾਲ ਹੋ ਰਹੀ ਬਰਸਾਤ ਕਾਰਨ ਕਣਕ ਅਤੇ ਆਲੂਆਂ ਦੀ ਫਸਲ ਵਿੱਚ ਪਾਣੀ ਖੜ ਗਿਆ ਜਿਸ ਕਾਰਨ ਕਣਕ ’ਤੇ ਆਲੂ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ। ਮੰਗਲਵਾਰ ਨੂੰ ਹੋਈ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਫਰਵਰੀ ਦੇ ਪਹਿਲੇ ਹਫਤੇ ਫਿਰ ਤੋਂ ਬਰਸਾਤਾਂ ਹੋਣ ਦੀ ਉਮੀਦ ਜਤਾਈ ਗਈ ਹੈ। ਉਨਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਵੀ ਬਰਸਾਤ ਹੁੰਦੀ ਹੈ ਤਾਂ ਪਹਿਲਾਂ ਹੀ ਆਰਥਿਕ ਤੌਰ ਤੇ ਤੰਗੀਆਂ ਦਾ ਸਾਹਮਣਾ ਕਰ ਰਹੇ ਕਿਸਾਨ ਬਿਲਕੁੱਲ ਹੀ ਤਬਾਹ ਹੋ ਜਾਣਗੇ।