- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਏਕੋਟ ਦਾ 176 ਸਾਲ ਪੁੁਰਾਣਾ ਇਤਿਹਾਸਕ ਸਰਕਾਰੀ ਸਕੂਲ ਸੰਕਟ ਵਿੱਚ

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ : ਰਾਏਕੋਟ ਦਾ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਇੱਕ ਪ੍ਰਸਿੱਧ ਪੀਐਮ ਸ੍ਰੀ ਭਗਵਾਨ ਮਹਾਂਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜੋ ਲਗਭਗ 176 ਸਾਲ ਪੁਰਾਣਾ ਹੈ ਤੇ ਇਲਾਕੇ ਦੇ ਵਿੱਦਿਅਕ ਖੇਤਰ ਵਿੱਚ ਪ੍ਰਮੁੱਖ ਅਦਾਰੇ ਵਜੋਂ ਜਾਣਿਆ ਜਾਂਦਾ ਹੈ, ਹੁਣ ਗੰਭੀਰ ਸੰਕਟ ਵਿਚ ਹੈ। ਇਸ ਸਕੂਲ ਦੀ ਬਾਹਰੀ ਇਮਾਰਤ ਬਹੁਤ ਸੁੰਦਰ ਅਤੇ ਆਧੁੁਨਿਕ ਪ੍ਰਾਈਵੇਟ ਸਕੂਲਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ, ਜੋ ਦੂਰੋਂ ਦੇਖਣ ਨਾਲ ਸਿੱਖਿਆ ਕ੍ਰਾਂਤੀ ਦੀ ਤਸਵੀਰ ਪੇਸ਼ ਕਰਦੀ ਹੈ। ਪਰ ਅੰਦਰੂਨੀ ਹਾਲਤ ਕੁਝ ਹੋਰ ਹੀ ਬਿਆਨ ਕਰਦੀ ਹੈ। ਕੁਝ ਮਹੀਨੇ ਪਹਿਲਾਂ ਇਸ ਸਕੂਲ ਦੀ ਮੁੱਖ ਇਮਾਰਤ ਨੂੰ ਅਣ-ਸੁਰੱਖਿਅਤ (ਅਣਸੇਫ) ਐਲਾਨ ਕਰਕੇ ਢਾਹ ਦਿੱਤਾ ਗਿਆ ਸੀ।
ਇਸ ਢਾਹੀ ਗਈ ਇਮਾਰਤ ਵਿੱਚ 5 ਕਲਾਸਰੂਮ, ਇੱਕ ਲਾਇਬ੍ਰੇਰੀ, ਬੋਰਡ ਰੂਮ, ਗਾਈਡੈਂਸ ਰੂਮ, ਪਿ੍ਰੰਸੀਪਲ ਦਾ ਦਫ਼ਤਰ, ਮੇਲ ਸਟਾਫ਼ ਰੂਮ, ਕਲਰਕ ਰੂਮ, ਵੋਕੇਸ਼ਨਲ ਸ਼ੈੱਡ ਅਤੇ ਫਿਜ਼ਿਕਸ, ਬਾਇਓਲੋਜੀ ਅਤੇ ਕੈਮਿਸਟਰੀ ਦੀਆਂ ਤਿੰਨ ਲੈਬਾਂ ਸ਼ਾਮਲ ਸਨ। ਇਸ ਇਮਾਰਤ ਦੇ ਢਾਹੇ ਜਾਣ ਤੋਂ ਬਾਅਦ ਸਕੂਲ ਵਿੱਚ ਬੱਚਿਆਂ ਨੂੰ ਬੈਠਾਉਣ ਲਈ ਸਮੱਸਿਆ ਪੈਦਾ ਹੋ ਗਈ ਹੈ। ਪਿ੍ਰੰਸੀਪਲ ਦਾ ਦਫ਼ਤਰ ਅਤੇ ਕਲਰਕ ਰੂਮ ਵੀ ਇੱਕ ਕਮਰੇ ਵਿੱਚ ਸ਼ਿਫਟ ਕੀਤੇ ਗਏ ਹਨ। ਕੁਝ ਅਧਿਆਪਕਾਂ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਕਿਸੇ ਵੀ ਸਕੂਲ ਦੀ ਇਮਾਰਤ ਇੱਕ ਦਮ ਢਾਹ ਦੇਣ ਅਤੇ ਉਸ ਦਾ ਕੋਈ ਪ੍ਰਬੰਧ ਨਾ ਕਰਨਾ ਸਿੱਖਿਆ ਪ੍ਰਣਾਲੀ ਲਈ ਬਹੁੁਤ ਨੁੁਕਸਾਨਦੇਹ ਹੈ। ਵਰਤਮਾਨ ’ਚ ਕੁਝ ਕਲਾਸਾਂ ਨੂੰ ਹਾਲ ਵਿੱਚ ਲਗਾਇਆ ਜਾ ਰਿਹਾ ਹੈ, ਜਦਕਿ ਕੁਝ ਕਲਾਸਾਂ ਲਈ ਦੂਜੀ ਲਾਇਬ੍ਰੇਰੀ ਖਾਲੀ ਕਰਵਾ ਕੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।
ਬੱਚਿਆਂ ਨੂੰ ਅਸੀਂ ਪੜਾ ਤਾਂ ਰਹੇ ਹੀ ਹਾਂ ਫਿਰ ਵੀ ਕਲਾਸਾਂ ਰੂਮ ਦੀ ਘਾਟ ਨਾਲ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਤਾਂ ਪੈਂਦਾ ਹੀ ਹੈ। ਉਨ੍ਹਾਂ ਦੱਸਿਆ ਕਿ ਸਟਾਫ਼ ਰੂਮ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਪਹਿਲਾਂ ਮੇਲ ਅਤੇ ਫਿਮੇਲ ਸਟਾਫ਼ ਲਈ ਵੱਖ-ਵੱਖ ਰੂਮ ਸਨ ਪਰ ਹੁਣ ਇੱਕੋ ਰੂਮ ਵਿੱਚ ਸਾਰੇ ਸਟਾਫ਼ ਨੂੰ ਸਮਾਉਣਾ ਮੁੁਸ਼ਕਲ ਹੋ ਰਿਹਾ ਹੈ। ਅਧਿਆਪਕਾਂ ਅਤੇ ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਸਕੂਲ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਇਸ ਨੂੰ ਪਹਿਲਾਂ ਵਾਂਗ ਵਿਸ਼ਾਲ ਤੇ ਸੁੰਦਰ ਰੂਪ ਵਿੱਚ ਮੁੁੜ ਬਣਾਇਆ ਜਾਵੇ। ਇਸ ਨਾਲ ਨਾ ਸਿਰਫ਼ ਬੱਚਿਆਂ ਦੀ ਗਿਣਤੀ ਵਿੱਚ ਕਮੀ ਨਹੀਂ ਆਵੇਗੀ, ਬਲਕਿ ਇਲਾਕੇ ਵਿੱਚ ਇਸ ਸਕੂਲ ਦੀ ਸਾਖ ਅਤੇ ਧਾਕ ਵੀ ਬਰਕਰਾਰ ਰਹੇਗੀ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸਕੂਲ ਪਿ੍ਰੰਸੀਪਲ ਕੁਲਦੀਪ ਕੌਰ ਨੇ ਕਿਹਾ ਕਿ ਢਾਹੀ ਗਈ ਇਮਾਰਤ ਦੀ ਜਗ੍ਹਾ ਨਵੀਂ ਇਮਾਰਤ ਉਸਾਰੀ ਲਈ ਫਾਈਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਉਮੀਦ ਹੈ ਕਿ ਜਲਦੀ ਹੀ ਇਸ ਸਕੂਲ ਦੀ ਇਮਾਰਤ ਦੀ ਨਵ ਉਸਾਰੀ ਸ਼ੁਰੂ ਹੋ ਜਾਵੇਗੀ।