ਲੁਧਿਆਣਾ ਦੀਆਂ ਸੜਕਾਂ ‘ਤੇ ਮਨੁੱਖਤਾ ਲਈ ਦੌੜ, ਹਜ਼ਾਰਾਂ ਲੋਕ ਮੈਰਾਥਨ ’ਚ ਸ਼ਾਮਲ
ਲੁਧਿਆਣਾ ਦੀਆਂ ਸੜਕਾਂ ‘ਤੇ ਮਨੁੱਖਤਾ ਲਈ ਦੌੜ, ਹਜ਼ਾਰਾਂ ਲੋਕ ਮੈਰਾਥਨ ’ਚ ਸ਼ਾਮਲ
Publish Date: Sun, 15 Mar 2026 08:30 PM (IST)
Updated Date: Mon, 16 Mar 2026 04:17 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਦੁਨੀਆ ਦੇ ਵੱਖ-ਵੱਖ ਦੇਸ਼ਾਂ ਚ ਵਧ ਰਹੇ ਤਣਾਅ ਅਤੇ ਟਕਰਾਵਾਂ ਦੇ ਦਰਮਿਆਨ ਐਤਵਾਰ ਨੂੰ ਲੁਧਿਆਣਾ ਸ਼ਹਿਰ ਵਿੱਚ ਹਜ਼ਾਰਾਂ ਦੌੜਾਕਾਂ ਨੇ ‘ਰਨ ਫਾਰ ਹਿਊਮੈਨਿਟੀ’ ਮੈਰਾਥਨ ਵਿੱਚ ਭਾਗ ਲੈ ਕੇ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਇਹ ਮੈਰਾਥਨ ਦਸਵੰਧ ਫਾਊਂਡੇਸ਼ਨ ਵੱਲੋਂ ਟੀਮ 1699 ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵੀ ਮੈਰਾਥਨ ਵਿੱਚ ਹਿੱਸਾ ਲੈ ਕੇ ਦੌੜਾਕਾਂ ਦਾ ਹੌਸਲਾ ਵਧਾਇਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਭਰ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ, ਤਾਂ ਸ਼ਾਂਤੀ ਅਤੇ ਮਨੁੱਖਤਾ ਦਾ ਸੰਦੇਸ਼ ਫੈਲਾਉਣ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਮਨੁੱਖਤਾ ਅਤੇ ਭਾਈਚਾਰੇ ਦੀ ਪ੍ਰਤੀਕ ਰਹੀ ਹੈ ਅਤੇ ਇੱਥੇ ਹਰ ਧਰਮ ਨੂੰ ਬਰਾਬਰ ਸਨਮਾਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਨੂੰ ਦੁਬਾਰਾ ਖੁਸ਼ਹਾਲ ਅਤੇ ਤਰੱਕੀਸ਼ੀਲ ਬਣਾਉਣ ਵੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ‘ਸੋਨੇ ਦੀ ਚਿੜੀ’ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਐੱਨਜੀਓ ਐਕਟ ਹਿਊਮੈਨ ਦੀ ਹਰਲੀਨ ਕੌਰ ਅਤੇ ਦਸਵੰਧ ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਹਰਦੀਪ ਕੌਰ ਬੋਪਾਰਾਈ ਦੇ ਨਾਲ ਮਿਲ ਕੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਸਵੇਰੇ ਘੁਮਾਰ ਮੰਡੀ ਚੌਕ ਤੋਂ ਸ਼ੁਰੂ ਹੋਈ ਅਤੇ ਕਾਲਜ ਰੋਡ, ਪ੍ਰਿੰਸ ਹੋਸਟਲ ਅਤੇ ਫੁਹਾਰਾ ਚੌਕ ਤੋਂ ਹੁੰਦੀ ਹੋਈ ਰਾਣੀ ਝਾਂਸੀ ਰੋਡ ’ਤੇ ਸਮਾਪਤ ਹੋਈ। ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਜਸਦੇਵ ਸੇਖੋਂ, ਸਿੱਖ ਵਿਦਵਾਨ ਪਰਮਪਾਲ ਸਿੰਘ, ਟੀਮ 1699 ਦੇ ਸੰਸਥਾਪਕ ਗੁਰਸਾਹਿਬ ਸਿੰਘ, ਕੇ. ਪੁਸ਼ਪਿੰਦਰ ਸਿੰਘ, ਦਵਿੰਦਰ ਨਾਗੀ, ਪਰਮਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸੁਖਦੇਵ ਸਿੰਘ ਫਗਵਾੜਾ ਸਮੇਤ ਆਯੋਜਕ ਟੀਮ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ, ਜਿਸ ਵਿੱਚ ਨੌਜਵਾਨਾਂ, ਬਜ਼ੁਰਗਾਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਧਾਰਮਿਕ ਆਗੂਆਂ ਵਿੱਚ ਪੰਜਾਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ, ਬਿਸ਼ਪ ਜੌਨ ਗਰੇਵਾਲ ਅਤੇ ਮਾ ਬਗਲਾਮੁਖੀ ਧਾਮ ਦੇ ਪਰਵੀਨ ਚੌਧਰੀ ਸਮੇਤ ਹੋਰ ਕਈ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਵੀ ਹਾਜ਼ਰੀ ਭਰ ਕੇ ਭਾਈਚਾਰੇ ਅਤੇ ਧਾਰਮਿਕ ਏਕਤਾ ਦਾ ਸੰਦੇਸ਼ ਦਿੱਤਾ। ਉਕਤ ਸਮਾਗਮ ਨੂੰ ਸਫਲ ਬਣਾਉਣ ਲਈ ਸਿਟੀਨੀਡਜ਼, ਦੁਰਗਾ ਮਾਤਾ ਮੰਦਰ ਕਮੇਟੀ ਦੇ ਵਰਿੰਦਰ ਮਿੱਤਲ, ਦੀਦਾਰ ਸਿੰਘ ਅਤੇ ਮਹਲ ਸਿੰਘ ਸਮੇਤ ਹੋਰ ਕਈ ਸੰਸਥਾਵਾਂ ਨੇ ਸਹਿਯੋਗ ਦਿੱਤਾ। ਸਮਾਗਮ ਦੇ ਅੰਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸਮੇਤ ਹੋਰ ਮਾਣਯੋਗ ਸ਼ਖ਼ਸੀਅਤਾਂ ਨੇ ‘ਸਰਬੱਤ ਦਾ ਭਲਾ’ ਦੀ ਅਰਦਾਸ ਕਰਦਿਆਂ ਪ੍ਰਬੰਧਕਾਂ ਦੇ ਇਕਟ ਉਪਰਾਲੇ ਲਈ ਪ੍ਰਸ਼ੰਸਾ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਲੋਕਾਂ ਨੂੰ ਮਨੁੱਖਤਾ, ਸ਼ਾਂਤੀ ਅਤੇ ਏਕਤਾ ਲਈ ਇਕੱਠੇ ਹੋਣ ਦਾ ਸੰਦੇਸ਼ ਦੇਣਾ ਹੈ। ਭਾਗੀਦਾਰਾਂ ਨੇ ਉਮੀਦ ਜਤਾਈ ਕਿ ਇਸ ਤਰ੍ਹਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਅਤੇ ਸਮਾਜ ਵਿੱਚ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਗੇ।