ਕਿਤਾਬ ਬਾਜ਼ਾਰ ਚੌਕ ’ਚ ਵਪਾਰੀਆਂ ’ਚ ਝਗੜਾ, ਮਾਮਲੇ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ
ਕਿਤਾਬ ਬਜ਼ਾਰ ਚੌਕ ’ਚ ਟਿੱਕੀ ਦੇਠੇਲਿਆਂ ਨੂੰ ਲੈ ਕੇ ਵਪਾਰੀਆਂ ਵਿੱਚ ਝਗੜਾ, ਮਾਮਲੇ ਦੀਆਂ ਤਸਵੀਰਾਂ ਸੀਸੀਟੀਵੀ ’ਚ ਕੈਦ
Publish Date: Fri, 20 Mar 2026 11:02 PM (IST)
Updated Date: Fri, 20 Mar 2026 11:04 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਕਿਤਾਬ ਬਾਜ਼ਾਰ ਚੌਕ ਵਿੱਚ ਸ਼ੁੱਕਰਵਾਰ ਨੂੰ ਟਿੱਕੀ ਦੇ ਠੇਲਿਆਂ ਨੂੰ ਹਟਾਉਣ ਨੂੰ ਲੈ ਕੇ ਵਪਾਰੀਆਂ ਵਿਚਕਾਰ ਤਿੱਖਾ ਵਿਵਾਦ ਹੋ ਗਿਆ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਬਿਜਲੀ ਮਾਰਕੀਟ ਦੇ ਦੁਕਾਨਦਾਰਾਂ ਨੇ ਗੈਰ ਕਾਨੂੰਨੀ ਟਿੱਕੀ ਠੇਲਿਆਂ ਖ਼ਿਲਾਫ਼ ਨਗਰ ਨਿਗਮ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ੁੱਕਰਵਾਰ ਨੂੰ ਜਦੋਂ ਨਗਰ ਨਿਗਮ ਦੀ ਟੀਮ ਕਾਰਵਾਈ ਕਰਨ ਲਈ ਮੌਕੇ ’ਤੇ ਪਹੁੰਚੀ ਤਾਂ ਇਸ ਦੌਰਾਨ ਦੋਵੇਂ ਧਿਰਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ। ਬਿਜਲੀ ਮਾਰਕੀਟ ਦੇ ਦੁਕਾਨਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕੋਲ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਟੀਮ ਕਾਰਵਾਈ ਲਈ ਆਈ। ਇਸ ਦੌਰਾਨ ਕਿਤਾਬ ਬਜ਼ਾਰ ਦਾ ਮੁਖੀ ਜਸਪਾਲ ਸਿੰਘ ਬੰਟੀ ਆਪਣੇ ਸਾਥੀਆਂ ਨਾਲ ਆ ਗਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਦੂਜੇ ਪਾਸੇ ਕਿਤਾਬ ਬਜ਼ਾਰ ਦੇ ਮੁਖੀ ਜਸਪਾਲ ਸਿੰਘ ਬੰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਸਿਰਫ਼ ਇਹੀ ਕਿਹਾ ਸੀ ਕਿ ਜੇ ਟਿੱਕੀ ਵਾਲੇ ਦਾ ਠੇਲਾ ਹਟਾਉਣਾ ਹੈ ਤਾਂ ਪਹਿਲਾਂ ਆਪਣੀ ਦੁਕਾਨਾਂ ਅੱਗੇ ਹੋਏ ਗੈਰ ਕਾਨੂੰਨੀ ਕਬਜ਼ੇਬਾਜ਼ੀਆਂ ਨੂੰ ਵੀ ਹਟਾਓ। ਬੰਟੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਦੁਕਾਨਦਾਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਸਬੰਧੀ ਕੋਤਵਾਲੀ ਥਾਣੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋ ਪੱਖਾਂ ਵਿਚਕਾਰ ਵਿਵਾਦ ਹੋਇਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਦੋਨਾਂ ਪੱਖਾਂ ਨੂੰ ਥਾਣੇ ਵਿੱਚ ਬੁਲਾ ਕੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।