ਸੀਐੱਮ ਮਾਨ ਦੀ ਸਰਕਾਰ ਦੇ ਚਾਰ ਸਾਲ ਦੇ ਸ਼ਾਨਦਾਰ ਕਾਰਜਕਾਲ ਤੋਂ ਪੰਜਾਬੀ ਪੂਰੀ ਤਰ੍ਹਾਂ ਸੰਤੁਸ਼ਟ : ਵਿਧਾਇਕ ਪੱਪੀ
ਮਾਨ ਦੀ ਸਰਕਾਰ ਦੇ ਚਾਰ ਸਾਲ ਦੇ ਸ਼ਾਨਦਾਰ ਕਾਰਜਕਾਲ ਤੋਂ ਪੰਜਾਬੀ ਪੂਰੀ ਤਰ੍ਹਾਂ ਸੰਤੁਸ਼ਟ - ਵਿਧਾਇਕ ਅਸ਼ੋਕ ਪਰਾਸ਼ਰ ਪੱਪੀ
Publish Date: Thu, 26 Mar 2026 10:31 PM (IST)
Updated Date: Fri, 27 Mar 2026 04:11 AM (IST)

ਫੋਟੋ- 24 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਦੇ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜ਼ਕਾਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਸਰਕਾਰ ਨੇ ਸਾਲ 2022 ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵਾਰਡ ਨੰਬਰ 74 ਅਧੀਨ ਸਤਿਗੁਰੂ ਕਬੀਰ ਜੀ ਧਰਮਸ਼ਾਲਾ ਵਿਖੇ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਆਰੰਭੀ ਗਈ ਲੋਕ ਸੰਪਰਕ ਮੁਹਿੰਮ ਸੰਵਾਦ ਅਧੀਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਤੋਂ ਬਹੁਤ ਖੁਸ਼ ਹਨ ਕਿਉਂਕਿ ਜਿਸ ਉਤਸ਼ਾਹ ਅਤੇ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰੀ ਉੱਤਰੀ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਅਤੇ ਜੋ ਗਰੰਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕਰ ਲਿਆ ਗਿਆ ਹੈ ਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਪੰਜਾਬ ਦੇ ਸਰਪੱਖੀ ਵਿਕਾਸ ਦੀ ਰਫਤਾਰ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਲੋਕਾਂ ਨੂੰ ਦਿੱਤੀ ਗਈ, ਇਸ ਤੋਂ ਇਲਾਵਾ 50 ਹਜ਼ਾਰ ਤੋਂ ਵੀ ਵੱਧ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਵੱਡੇ ਪੱਧਰ ਤੇ ਪੱਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ 1 ਸਾਲ ਵਿੱਚ ਸਰਕਾਰ ਪੰਜਾਬ ਨੂੰ ਰੰਗਲਾ ਬਨਾਉਣ ਤੇ ਤੇਜੀ ਨਾਲ ਕੰਮ ਕਰੇਗੀ।