ਪੰਜਾਬ ਸਖੀ ਸ਼ਕਤੀ ਮੇਲਾ 11 ਤੋਂ ਸ਼ੁਰੂ, ਵੱਖ-ਵੱਖ ਸੂਬਿਆਂ ਤੋਂ ਸ਼ਿਲਪਕਾਰ ਹੋਣਗੇ ਸ਼ਾਮਲ
ਖੰਨਾ ’ਚ 11 ਤੋਂ ਪੰਜਾਬ ਸਖੀ ਸ਼ਕਤੀ ਮੇਲਾ, ਵੱਖ-ਵੱਖ ਸੂਬਿਆਂ ਤੋਂ ਸ਼ਿਲਪਕਾਰ ਹੋਣਗੇ ਸ਼ਾਮਲ
Publish Date: Mon, 02 Feb 2026 07:38 PM (IST)
Updated Date: Tue, 03 Feb 2026 04:12 AM (IST)

ਰੋਜ਼ਾਨਾ ਸਵੇਰੇ ਨੂੰ 10 ਵਜੇ ਤੋਂ ਰਾਤ 10 ਵਜੇ ਤਕ ਹੋਇਆ ਕਰੇਗੀ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੇਲੇ ’ਚ ਦਾਖਲਾ ਮੁਫ਼ਤ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਦੀਆਂ ਬਹਾਦਰ, ਹੁਨਰਮੰਦ ਤੇ ਸਖ਼ਤ ਮਿਹਨਤੀ ਮਹਿਲਾਵਾਂ ਲਈ ਰੈਂਪ ਸਕੀਮ ਅਧੀਨ ਇੱਕ ਉੱਚ ਪੱਧਰੀ ਈਵੈਂਟ, ‘ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ’ ਦੇ ਰੂਪ ’ਚ 11 ਫਰਵਰੀ 2026 ਤੋਂ 17 ਫਰਵਰੀ 2026 ਤੱਕ, ਦੁਸ਼ਹਿਰਾ ਗਰਾਉਂਡ, ਖੰਨਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਸ਼ਿਲਪਕਾਰ ਤੇ ਸੈੱਲਫ਼ ਹੈਲਪ ਗਰੁੱਪ ਆਪਣੇ ਉਤਪਾਦ ਲੈਕੇ ਸ਼ਾਮਲ ਹੋਣਗੇ, ਜਿਨ੍ਹਾਂ ’ਚ ਖਾਣ ਪੀਣ ਦੀਆਂ ਵਸਤਾਂ, ਕੱਪੜੇ ਤੇ ਫਰਨੀਚਰ ਦੀਆਂ ਸਟਾਲਾਂ ਵੀ ਸ਼ਾਮਲ ਹੋਣਗੀਆਂ। ਇਸ ਮੇਲੇ ’ਚ 200 ਤੋਂ ਵੱਧ ਸਟਾਲ ਲਗਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਨੇ ਸੋਮਵਾਰ ਨੂੰ ਇਸ ਮੇਲੇ ਦੀਆਂ ਤਿਆਰੀਆਂ ਬਾਬਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਉਦਯੋਗਪਤੀਆਂ ਤੇ ਵੱਖ-ਵੱਖ ਐਸੋਸ਼ੀਏਸ਼ਨਾ ਦੇ ਨੁਮਾਇੰਦਿਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਕ ਉੱਚ ਪੱਧਰੀ ਉਪਰਾਲਾ ਹੈ, ਜਿੱਥੇ ਘਰੋਂ ਬਣੇ ਉਤਪਾਦ, ਰਵਾਇਤੀ ਕਲਾ ਅਤੇ ਆਧੁਨਿਕ ਹੈਂਡਮੇਡ ਡਿਜ਼ਾਈਨ ਅਤੇ ਬੇਮਿਸਾਲ ਕਲਾਕਾਰੀ ਖਿੱਚ ਦਾ ਕੇਂਦਰ ਹੋਵੇਗੀ। ਇਸ ਦੌਰਾਨ ਖਾਣ-ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਫੂਡ ਕੋਰਟ ਬਣੇਗਾ ਤੇ ਰੋਜ਼ਾਨਾ ਸਵੇਰੇ ਨੂੰ 10 ਵਜੇ ਤੋਂ ਰਾਤ 10 ਵਜੇ ਤਕ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਇਆ ਕਰੇਗੀ। ਮੇਲੇ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 10 ਵਜੇ ਤੋਂ ਹੋਇਆ ਕਰੇਗੀ। ਇਸ ਮੇਲੇ ਲਈ ਟਿਕਟ ਰੇਟ 20 ਰੁਪਏ ਰੱਖੀ ਗਈ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੇਲੇ ’ਚ ਦਾਖਲਾ ਮੁਫ਼ਤ ਲੈ ਸਕਣਗੇ। ਇਹ ਮੇਲਾ ਸਿਰਫ਼ ਖਰੀਦਾਰੀ ਤਕ ਸੀਮਤ ਨਾ ਹੋ ਕੇ ਸਗੋਂ ਮਹਿਲਾ ਸ਼ਕਤੀ, ਪੰਜਾਬੀ ਸਿਰਜਣਾਤਮਕਤਾ ਤੇ ਆਪਣੇ ਸਥਾਨਕ ਹੁਨਰ ਨੂੰ ਆਲਮੀ ਪੱਧਰ ਤੇ ਲਿਜਾਣ ਦੀ ਲਹਿਰ ਹੈ। ਇਸ ਲਈ ਸਮੂਹ ਵਿਭਾਗ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ। ਮੇਲੇ ’ਚ ਆਉਣ ਵਾਲੇ ਸ਼ਿਲਪਕਾਰਾਂ, ਕਲਾਕਾਰਾਂ ਸਮੇਤ ਸਾਰੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਹ ਗੱਲ ਯਕੀਨੀ ਬਣਾਈ ਜਾਵੇ ਕਿ ਮੇਲੇ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਏਡੀਸੀ ਬੈਂਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਇਸ ਦੇ ਨਾਲ ਉਹਨਾਂ ਨੇ ਵੱਖ-ਵੱਖ ਵਿਭਾਗਾਂ ਨੂੰ ਪੀਣ ਵਾਲੇ ਸਾਫ ਪਾਣੀ, ਪਖਾਨਿਆਂ, ਸਾਫ ਸਫਾਈ, ਮੈਡੀਕਲ ਟੀਮਾਂ ਦੀ ਤਾਇਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ। ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋ ਕੇ ਇਸ ਮੇਲੇ ਦਾ ਲਾਹਾ ਲਿਆ ਜਾਵੇ, ਜਿਸ ਨਾਲ ਜਿੱਥੇ ਸ਼ਿਲਪਕਾਰਾਂ ਨੂੰ ਵੱਡੇ ਪੱਧਰ ਉੱਤੇ ਲਾਭ ਹੋਵੇਗਾ ਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਹੋਵੇਗੀ, ਉੱਥੇ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਖੰਨਾ ਸਿਵਾਤੀ ਟਿਵਾਣਾ, ਉਪ ਮੰਡਲ ਮੈਜਿਸਟਰੇਟ ਪਾਇਲ ਪ੍ਰਦੀਪ ਬੈਂਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਦਯੋਗਪਤੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਹਾਜ਼ਰ ਸਨ।