ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ
ਨਸ਼ਿਆਂ ਖਿਲਾਫ਼ ਇੱਕਜੁੱਟ ਹੋਣ ਦਾ ਦਿੱਤਾ ਸੱਦਾ
Publish Date: Wed, 22 Apr 2026 07:49 PM (IST)
Updated Date: Thu, 23 Apr 2026 04:10 AM (IST)
-ਐੱਨਆਈਐੱਸਟੀ ਮੈਂਬਰ ਸੁਖਵਿੰਦਰ ਬਿੰਦਰਾ ਨੇ ਨਸ਼ੇ ਦੀ ਰੋਕਥਾਮ ਲਈ ਦਿੱਤੇ ਕਈ ਸੁਝਾਅ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿ ਸ਼ੈਲਟਰਜ਼ ਸੰਸਥਾ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਸਿਲਵਰ ਜੁਬਲੀ ਆਡੀਟੋਰੀਅਮ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਪ੍ਰੋਗਰਾਮ’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਤਿੰਦਰ ਸੱਤੀ ਅਤੇ ਗਾਇਕ ਇੰਦਰਜੀਤ ਨਿੱਕੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਮ੍ਹਾਂ ਰੌਸ਼ਨ ਕਰਨ ਪਿੱਛੋਂ ਪ੍ਰਬੰਧਕ ਨਿਧੀ ਸ਼ਰਮਾ ਨੇ ਰਸਮੀ ਤੌਰ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦੇ ਹੋਏ ‘ਜੀ ਆਇਆਂ ਨੂੰ’ ਕਿਹਾ।
ਇਸ ਮੌਕੇ ਸੰਬੋਧਨ ਕਰਦਿਆਂ ਸਤਿੰਦਰ ਸੱਤੀ ਨੇ ਕਿਹਾ ਕਿ ਦਿ ਸ਼ੈਲਟਰਜ਼ ਐੱਨਜੀਓ ਰਾਹੀਂ ਉਹ ਨਸ਼ਿਆਂ ਦੇ ਖ਼ਾਤਮੇ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਚੀਜ਼ ਦਾ ਨਸ਼ਾ ਮਾੜਾ ਹੁੰਦਾ ਹੈ। ਸਫਲਤਾ ਦੇ ਰਾਜ ਦੱਸਦੇ ਹੋਏ ਸੱਤੀ ਨੇ ਕਿਹਾ ਕਿ ਟੀਚੇ ਲਈ ਜਜਬੇ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਨਸ਼ੇ ਖਤਮ ਹੋਣੇ ਚਾਹੀਦੇ ਹਨ ਅਤੇ ਨਸ਼ਿਆਂ ਖਿਲਾਫ ਕੈਂਪ ਲਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ। ਡੀਨ ਕਾਲਜ ਆਫ ਵੈਟਰਨਰੀ ਸਾਇੰਸ ਐੱਸਐੱਸ ਰੰਧਾਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਿਹਤ ਤੋਂ ਉੱਪਰ ਕੋਈ ਨਹੀਂ। ਪੁਲਿਸ ਅਧਿਕਾਰੀ ਰਮਨਦੀਪ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਗਲਤ ਸੰਗਤ ਤੋਂ ਸ਼ੁਰੂ ਹੁੰਦਾ ਹੈ। ਨਸ਼ਾ ਕਰ ਰਹੇ ਲੋਕ ਕੁੱਝ ਲੋਕ ਹੋਰਨਾਂ ਨੂੰ ਵੀ ਨਸ਼ਾ ਕਰਨ ਲਾ ਦਿੰਦੇ ਹਨ। ਉਨ੍ਹਾਂ ਦਾ ਵਿਭਾਗ ਨਸ਼ੇ ਰੋਕਣ ਲਈ ਯਤਨਸ਼ੀਲ ਹੈ।
ਐੱਨਆਈਐੱਸਟੀ ਮੈਂਬਰ ਸੁਖਵਿੰਦਰ ਬਿੰਦਰਾ ਨੇ ਨਸ਼ੇ ਦੀ ਰੋਕਥਾਮ ਲਈ ਕਈ ਸੁਝਾਅ ਪੇਸ਼ ਕੀਤੇ। ਸਮਾਗਮ ਨੂੰ ਗਾਇਕ ਇੰਦਰਜੀਤ ਨਿੱਕੂ ਨੇ ਵੀ ਸੰਬੋਧਨ ਕੀਤਾ। ਸੰਬੋਧਨ ਕਰਦੇ ਹੋਏ ਦੈਨਿਕ ਜਾਗਰਣ ਦੇ ਰੈਜ਼ੀਡੈਂਟ ਐਡੀਟਰ ਅਮਿਤ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਹਰ ਇੱਕ ਨੂੰ ਅੱਗੇ ਆਉਣਾ ਪਵੇਗਾ। ਪਦਮਸ਼੍ਰੀ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ‘ਜੇ ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ, ਮੈਂ ਲੱਭ ਕੇ ਲਿਆਉਂਨਾਂ ਕਿਤੋਂ ਕਲਮਾਂ ਨੂੰ’ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਹ ਆਸ ਪ੍ਰਗਟਾਈ ਕਿ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖ਼ਾਤਮਾ ਹੋਵੇਗਾ।