ਜਾਤੀਸੂਚਕ ਸ਼ਬਦ ਬੋਲਣ ’ਤੇ ਤੋੜੀ ਇਕ ਦੀ ਲੱਤ, ਚੱਲੀਆਂ ਗੋਲ਼ੀਆਂ
ਜਾਤੀਸੂਚਕ ਟਿੱਪਣੀ ਤੋਂ ਭੜਕੀ ਖੂਨੀ ਝੜਪ, ਭੋਲੇਵਾਲ ’ਚ ਗੂੰਜੇ ਗੋਲੀਆਂ ਦੇ ਧਮਾਕੇ
Publish Date: Wed, 22 Apr 2026 07:36 PM (IST)
Updated Date: Thu, 23 Apr 2026 04:07 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਨੇੜਲੇ ਪਿੰਡ ਭੋਲੇਵਾਲ ਵਿੱਚ ਮੰਗਲਵਾਰ ਦੀ ਦੇਰ ਰਾਤ ਇੱਕ ਛੋਟੀ ਜਿਹੀ ਤਕਰਾਰ ਨੇ ਖਤਰਨਾਕ ਰੂਪ ਧਾਰ ਲਿਆ, ਜਦੋਂ ਜਾਤੀਸੂਚਕ ਟਿੱਪਣੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵੱਡੀ ਝੜਪ ਹੋ ਗਈ। ਇਹ ਘਟਨਾ ਲਗਭਗ ਰਾਤ 11:30 ਵਜੇ ਵਾਪਰੀ, ਜਿੱਥੇ ਮੌਕੇ ’ਤੇ ਗਾਲੀ-ਗਲੌਚ ਦੌਰਾਨ ਜਾਤੀਸੂਚਕ ਸ਼ਬਦ ਬੋਲਣ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਤੇ ਦੋਵੇਂ ਪੱਖ ਇਕ-ਦੂਜੇ ਦੇ ਸਾਹਮਣੇ ਆ ਖੜ੍ਹੇ ਹੋਏ। ਜਾਣਕਾਰੀ ਮੁਤਾਬਕ ਤਕਰਾਰ ਜਲਦੀ ਹੀ ਹੱਥਾਪਾਈ ਵਿੱਚ ਤਬਦੀਲ ਹੋ ਗਈ ਤੇ ਦੋਵਾਂ ਪੱਖਾਂ ਵੱਲੋਂ ਇਕ-ਦੂਜੇ ’ਤੇ ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਕ ਵਿਅਕਤੀ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਸ ਦੀ ਲੱਤ ਤੋੜ ਦਿੱਤੀ ਗਈ। ਹਾਲਾਤ ਹੋਰ ਵੀ ਗੰਭੀਰ ਹੋ ਗਏ ਜਦੋਂ ਦੋਸ਼ੀਆਂ ਵੱਲੋਂ ਕਰੀਬ 6 ਰਾਊਂਡ ਫਾਇਰ ਕੀਤੇ ਗਏ, ਜਿਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਆਪਣੇ ਘਰਾਂ ’ਚ ਸਹਿਮੇ ਰਹੇ।
ਖੁਸ਼ਕਿਸਮਤੀ ਨਾਲ ਗੋਲੀਆਂ ਚੱਲਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਘਟਨਾ ਨੇ ਇਲਾਕੇ ਦੀ ਅਮਨ-ਸ਼ਾਂਤੀ ਨੂੰ ਝੰਝੋੜ ਕੇ ਰੱਖ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣਕੇ ਲੋਕ ਬਹੁਤ ਡਰ ਗਏ ਸਨ ਅਤੇ ਕਈ ਘੰਟਿਆਂ ਤੱਕ ਕਿਸੇ ਨੇ ਘਰੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਹਾਲਾਤ ’ਤੇ ਕਾਬੂ ਪਾਇਆ। ਪੁਲਿਸ ਨੇ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜਿਆ ਤੇ ਇਲਾਕੇ ’ਚ ਸੁਰੱਖਿਆ ਵਧਾਈ। ਥਾਣਾ ਕੁੰਮਕਲਾਂ ਦੀ ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਾਰਦਾਤ ਪਿੰਡ ਭੋਲੇਵਾਲ ਵਿੱਚ ਹੋਈ ਹੈ, ਜੋ ਕਿ ਥਾਣਾ ਜਮਾਲਪੁਰ ਦੇ ਅਧੀਨ ਆਉਂਦਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਲਾਕੇ ਵਿੱਚ ਨਾਕੇਬੰਦੀ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿਚ ਸਹਿਯੋਗ ਦੇਣ। ਇਹ ਘਟਨਾ ਸਮਾਜ ਵਿੱਚ ਵੱਧ ਰਹੀ ਨਫ਼ਰਤ ਅਤੇ ਛੋਟੀਆਂ ਗੱਲਾਂ ਤੋਂ ਪੈਦਾ ਹੋ ਰਹੀਆਂ ਵੱਡੀਆਂ ਤਕਰਾਰਾਂ ’ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ, ਜਿਸ ਨਾਲ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਦਾ ਹੈ।