ਪੰਜਾਬ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਮੰਨ ਕੇ ਤੁਰੰਤ ਕਰੇ ਲਾਗੂ : ਢਿੱਲਵਾਂ
ਪੰਜਾਬ ਸਰਕਾਰ ਆਪਣੇ ਕਾਰਜਕਾਲ ਦੌਰਾਨ ਹੀ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਮੰਨ ਕੇ ਤੁਰੰਤ ਲਾਗੂ ਕਰੇ : ਢਿੱਲਵਾਂ
Publish Date: Mon, 02 Mar 2026 07:19 PM (IST)
Updated Date: Tue, 03 Mar 2026 04:09 AM (IST)

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ (ਰਜਿ: 169) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਅਤੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਸਾਂਝੇ ਤੌਰ ਤੇ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਹੋਈ। ਸਭ ਤੋਂ ਪਹਿਲਾਂ ਪਿੰਡ ਸ਼ਾਮਗੜ੍ਹ ਤੋਂ ਨਵੇਂ ਬਣੇ ਨੰਬਰਦਾਰ ਹਰਜਿੰਦਰ ਸਿੰਘ ਸਪੁੱਤਰ ਘੋਲਾ ਸਿੰਘ ਨੂੰ ਲੱਡੂ ਵੰਡ ਕੇ ਮੁਬਾਰਕਬਾਦ ਦਿੱਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਮੁੱਖ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਨੰਬਰਦਾਰਾਂ ਦੀਆਂ ਜੋ ਹੱਕੀ ਮੰਗਾਂ ਹਨ, ਉਨ੍ਹਾਂ ਨੂੰ ਰਹਿੰਦੇ ਸਮੇਂ ਅੰਦਰ ਪੂਰਾ ਕੀਤਾ ਜਾਵੇ ਚੋਣ ਮੈਨੀਫੈਸਟੋ ਵਿੱਚ ਕਾਲਮ ਨੰਬਰ 8 ਤੇ ਇਹ ਕਿਹਾ ਗਿਆ ਸੀ ਕਿ ਸਾਰੀਆਂ ਮੰਗਾਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਮੰਨੀਆਂ ਜਾਣਗੀਆਂ। ਜੇਕਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਜਲਦੀ ਨਾ ਮੰਨੀਆਂ ਤਾਂ ਪੰਜਾਬ ਦੇ ਸਮੂਹ ਨੰਬਰਦਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਰਣਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਜਿਸ ਤੇ ਸਰਕਾਰ ਨੂੰ ਠੋਸ ਕਦਮ ਪੁੱਟਣੇ ਚਾਹੀਦੇ ਹਨ, ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਰਾਜਨੀਤੀ ਵਿੱਚ ਸਮੂਹ ਰਾਜਨੀਤਕ ਲੋਕਾਂ ਵੱਲੋਂ ਇੱਕ ਦੂਜੇ ਦੇ ਵਿਰੁੱਧ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਬਹੁਤ ਹੀ ਮਾੜਾ ਰੁਝਾਨ ਹੈ। ਜਿੱਤ-ਹਾਰ ਹਰੇਕ ਰਾਜਨੀਤਕ ਪਾਰਟੀ ਦੀ ਬਣੀ ਹੁੰਦੀ ਹੈ ਪ੍ਰੰਤੂ ਕਿਸੇ ਵੀ ਸਖਸ਼ ਖਿਲਾਫ ਮਾੜਾ ਬੋਲਣ ਦਾ ਅਧਿਕਾਰ ਕਿਸੇ ਵੀ ਰਾਜਨੀਤਕ ਆਗੂ ਨੂੰ ਨਹੀਂ ਚਾਹੀਦਾ ਕਿਉਂਕਿ ਉਹ ਲੱਖਾਂ ਲੋਕਾਂ ਦੇ ਨੁਮਾਇੰਦੇ ਹੁੰਦੇ ਹਨ ਜਾਂ ਰਹੇ ਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਇਮਾਨਦਾਰੀ ਨਾਲ ਮੰਨ ਕੇ, ਤੁਰੰਤ ਲਾਗੂ ਕਰੇ। ਜੇਕਰ ਸਰਕਾਰ ਨੇ ਮੰਗਾਂ ਪ੍ਰਤੀ ਜਲਦੀ ਕੋਈ ਕਦਮ ਨਾ ਪੁੱਟੇ ਤਾਂ ਪੰਜਾਬ ਦੇ ਨੰਬਰਦਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਹਾਕਮ ਸਿੰਘ ਹੇੜੀਆਂ ਮੀਤ ਪ੍ਰਧਾਨ, ਬਲਵਿੰਦਰ ਕੌਰ ਬੌਂਦਲੀ, ਰਘਵੀਰ ਸਿੰਘ ਸਮਸ਼ਪੁਰ, ਅਮਰੀਕ ਸਿੰਘ ਮਾਣਕੀ, ਹਰਜਿੰਦਰ ਸਿੰਘ ਸ਼ਾਮਗੜ੍ਹ, ਪ੍ਰੀਤਮ ਸਿੰਘ ਘੁੰਗਰਾਲੀ ਸਿੱਖਾਂ, ਰਵਿੰਦਰ ਸਿੰਘ ਕਕਰਾਲਾ ਆਦਿ ਤੋਂ ਇਲਾਵਾ ਹੋਰ ਪਿੰਡਾਂ ਦੇ ਨੰਬਰਦਾਰ ਹਾਜਰ ਸਨ। ਮੀਟਿੰਗ ਦੇ ਅਖੀਰ ਵਿੱਚ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਢਿੱਲਵਾਂ ਵੱਲੋਂ ਮੀਟਿੰਗ ਵਿੱਚ ਸ਼ਾਮਲ ਨੰਬਰਦਾਰਾਂ ਦਾ ਧੰਨਵਾਦ ਕੀਤਾ।