ਵਾਲਮੀਕਿ ਤੀਰਥ ਦੀ ਦੁਰਦਸ਼ਾ ਲਈ ਸਰਕਾਰ ਜ਼ਿੰਮੇਵਾਰ : ਡੁਲਗਚ
ਭਗਵਾਨ ਵਾਲਮੀਕਿ ਤੀਰਥ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਜਿੰਮੇਵਾਰ-ਰਾਹੁਲ ਡੁਲਗਚ
Publish Date: Tue, 06 Jan 2026 06:42 PM (IST)
Updated Date: Wed, 07 Jan 2026 04:06 AM (IST)

ਕਿਹਾ- ‘ਆਪ’ ਦੇ ਸੱਤਾ ’ਚ ਆਉਣ ਤੋਂ ਬਾਅਦ ਦਲਿਤਾਂ ਦੀ ਭਲਾਈ ਲਈ ਕੁੱਝ ਨਹੀਂ ਹੋਇਆ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਦੀ ਮੌਜੂਦਾ ਸਮੇਂ ’ਚ ਜੋ ਦੁਰਦਸ਼ਾ ਹੈ, ਇਸ ਲਈ ਸਿੱਧੇ ਤੌਰ ’ਤੇ ਪੰਜਾਬ ਦੀ ਸੱਤਾ ’ਚ ਸਥਾਪਿਤ ਆਮ ਆਦਮੀ ਪਾਰਟੀ ਸਰਕਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵੀਰ ਏਕਲੱਵਯ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਤੇ ਪੰਜਾਬ ਯੂਥ ਕਾਂਗਰਸ ਦੇ ਜਨ. ਸਕੱਤਰ ਰਾਹੁਲ ਡੁਲਗਚ ਨੇ ਪੁੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ’ਚ ਆਈ ਹੈ, ਉੁਦੋਂ ਤੋਂ ਦਲਿਤਾਂ ਦੇ ਹੱਕਾਂ ’ਤੇ ਡਾਕੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾ ਹੀ ਪੰਜਾਬ ’ਚ ਐੱਸਸੀ ਵਿਅਕਤੀ ਨੂੰ ਉੱਪ ਮੁੱਖ ਮੰਤਰੀ ਲਾਇਆ ਤੇ ਨਾ ਹੀ ਕਿਸੇ ਐੱਸਸੀ ਵਿਅਕਤੀ ਨੂੰ ਰਾਜ ਸਭਾ ’ਚ ਭੇਜਿਆ ਸਗੋਂ ਲੁਧਿਆਣਾ ਸ਼ਹਿਰ ’ਚ ਕਿਸੇ ਵੀ ਐੱਸਸੀ ਕੌਂਸਲਰ ਨੂੰ ਮੇਅਰ ਦਾ ਕੋਈ ਅਹੁਦਾ ਵੀ ਨਹੀਂ ਦਿੱਤਾ ਗਿਆ ਤਾਂ ਮੌਜੂਦਾ ਸਮੇਂ ਜੇਕਰ ਗੱਲ ਸਮੁੱਚੀ ਦੁਨੀਆ ’ਚ ਵਸਦੀ ਵਾਲਮੀਕਿ ਕੌਮ ਦੇ ਆਸਥਾ ਦਾ ਕੇਂਦਰ ਭਗਵਾਨ ਵਾਲਮੀਕਿ ਤੀਰਥ ਦੀ ਕੀਤੀ ਜਾਵੇ ਤਾਂ ਉਸ ਦੀ ਜੋ ਮਾੜੀ ਹਾਲਤ ਦੇਖ ਕੇ ਉਸ ਨਾਲ ਸਮੁੱਚੀ ਵਾਲਮੀਕਿ ਕੌਮ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੀਰਥ ਵਿਖੇ ਨਾ ਹੀ ਸਫ਼ਾਈ ਵਿਵਸਥਾ ਦਾ ਪ੍ਰਬੰਬ ਹੈ ਤੇ ਇਸ ਦੇ ਸਤਿਸੰਗ ਘਰ, ਪਾਰਕਾਂ, ਬਾਥਰੂਮਾ ਤੇ ਸਰ੍ਹਾਂ ਆਦਿ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਵਾਲਮੀਕਿ ਤੀਰਥ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਭਗਵਾਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਹੁੰਦੀ ਹੈ, ਜਿਸ ਦਾ ਮੁੱਖ ਮੰਤਰੀ ਚੇਅਰਮੈਨ ਹਨ ਤੇ ਕਈ ਵਿਧਾਇਕ ਇਸ ਦੇ ਮੈਂਬਰ ਵੀ ਹਨ ਪਰ ਮੌਜੂਦਾ ਸਮੇਂ ’ਚ ਕਿਸੇ ਵੀ ਅਹੁਦੇਦਾਰਾਂ ਦੀ ਤੀਰਥ ’ਚ ਕੋਈ ਦਿਲਚਸਪੀ ਨਹੀਂ ਹੈ। ਇਸ ਕਾਰਨ ਤੀਰਥ ਦੀ ਇਹ ਹਾਲਾਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਉਕਤ ਮਾੜੀ ਕਾਰਗੁਜ਼ਾਰੀ ਤੋਂ ਸਾਫ਼ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਭਗਵਾਨ ਵਾਲਮੀਕਿ ਤੀਰਥ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਜੋ ਭਵਿੱਖ ’ਚ ਵਾਲਮੀਕਿ ਕੌਮ ਨਾ ਹੀ ਇਥੇ ਇਕੱਠੀ ਹੋ ਸਕੇ ਤੇ ਨਾ ਹੀ ਕੋਈ ਧਾਰਮਿਕ ਸਮਾਗਮ ਕਰ ਸਕੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਪੰਜਾਬ ਦੀ ਸਮੁੱਚੀ ਵਾਲਮੀਕਿ ਕੌਮ ਆਮ ਆਦਮੀ ਪਾਰਟੀ ਤੋਂ ਇਸ ਗੱਲ ਦਾ ਬਦਲਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਫੱਟੀ ਪੋਚ ਕੇ ਜ਼ਰੂਰ ਲਵੇਗੀ।