41.84 ਲੱਖ ਦੀ ਲਾਗਤ ਨਾਲ ਤਿਆਰ ਨਵੇਂ 11 ਕੇਵੀ ਫੀਡਰ ਦਾ ਉਦਘਾਟਨ
ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਤੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
Publish Date: Mon, 19 Jan 2026 07:37 PM (IST)
Updated Date: Tue, 20 Jan 2026 04:16 AM (IST)

ਸਰਕਾਰ ਲੋਕਾਂ ਨੂੰ ਸੁਰੱਖਿਅਤ ਤੇ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ : ਕੈਬਨਿਟ ਮੰਤਰੀ ਸੌਂਦ ਲਖਵਿੰਦਰ ਸਿੰਘ ਨਸਰਾਲੀ, ਪੰਜਾਬੀ ਜਾਗਰਣ, ਖੰਨਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਿਨ੍ਹਾਂ ਕਿਸੇ ਪਾਵਰ ਕੱਟ ਤੋਂ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਕਾਸ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਵਿਖੇ ਕਰੀਬ 41.84 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਏ ਨਵੇਂ 11 ਕੇਵੀ ਫੀਡਰ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਪੀਐਸਪੀਸੀਐਲ ਖੰਨਾ ਦੇ ਐਸਈ ਸੁਖਜੀਤ ਸਿੰਘ, ਸੀਨੀਅਰ ਐਕਸੀਅਨ ਅਮਨ ਗੁਪਤਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 66 ਕੇਵੀ ਸਬ-ਸਟੇਸ਼ਨ ਖੰਨਾ ਵਿਖੇ ਨਵਾਂ 11 ਕੇਵੀ ਮਾਡਲ ਟਾਊਨ ਫੀਡਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪ ਮੰਡਲ ਦਫਤਰ ਸਿਟੀ-1 ਖੰਨਾ ਅਧੀਨ ਮੰਡਲ ਦਫਤਰ ਖੰਨਾ ਅਧੀਨ ਚਲਦੇ 11 ਕੇਵੀ ਦਾਣਾ ਮੰਡੀ ਫੀਡਰ ਸ਼੍ਰੇਣੀ-1 ਨੂੰ ਅੰਡਰ ਲੋਡ ਕਰਨ ਲਈ ਕਰੀਬ 41.84 ਲੱਖ ਰੁਪਏ ਦੀ ਲਾਗਤ ਦੇ ਨਾਲ ਨਵਾਂ 11 ਕੇਵੀ ਮਾਡਲ ਟਾਊਨ ਫੀਡਰ ਸ਼੍ਰੇਣੀ-1 ਦਾ ਆਗਾਜ਼ ਕੀਤਾ ਗਿਆ। ਇਸ ਨਵੇਂ 11 ਕੇਵੀ ਮਾਡਲ ਟਾਊਨ ਫੀਡਰ ਦੇ ਚਾਲੂ ਹੋਣ ਨਾਲ ਪਹਿਲਾਂ ਚੱਲਦੇ 11 ਕੇਵੀ ਦਾਣਾ ਮੰਡੀ ਫੀਡਰ ਤੇ ਲੋਡ ਅੱਧਾ ਰਹਿ ਜਾਵੇਗਾ ਜਿਸ ਨਾਲ ਇਹ ਦੋਨੋਂ ਫੀਡਰਾਂ ਤੇ ਚੱਲਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਵਿੱਚ ਹੋਰ ਦਰੁੱਸਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ, ਗੁਰੂ ਨਾਨਕ ਨਗਰ ਮੁਹੱਲਾ, ਦਾਣਾ ਮੰਡੀ ਬਰਾਂਚ, ਗਿੱਲ ਕਲੋਨੀ, ਡੀਐਮ ਮਿੱਲ, ਡਿਸਪੋਜਲ ਰੋਡ, ਸੀਆਈਏ ਸਟਾਫ, ਵਿਨੋਦ ਨਗਰ, ਬਾਜੀਗਰ ਬਸਤੀ, ਆੜੂਆਂ ਦਾ ਬਾਗ, 9 ਨੰਬਰ ਸਕੂਲ, ਪੂਰਨ ਚਾਹ ਵਾਲੀ ਗਲੀ ਇਲਾਕੇ ਦੇ ਲੋਕਾਂ ਦੀ ਬਿਜਲੀ ਨੂੰ ਲੈ ਕੇ ਵੱਡੀ ਸਮੱਸਿਆ ਦੂਰ ਹੋ ਜਾਵੇਗੀ ਤੇ ਇਸ ਏਰੀਏ ’ਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਮੰਤਰੀ ਸੌਂਦ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਹਲਕਾ ਖੰਨਾ ਵਿਖੇ ਬਿਜਲੀ ਨੈਟਵਰਕਿੰਗ ਦੀ ਨੁਹਾਰ ਬਦਲੀ ਜਾਵੇਗੀ ਜਿਸ ’ਚ ਕੇਬਲਿੰਗ ਨੂੰ ਮੂਲ ਰੂਪ ’ਚ ਸੁਧਾਰਿਆ ਜਾਵੇਗਾ, ਨਵੇਂ ਟਰਾਂਸਫਰਮਰ ਲਗਾਏ ਜਾਣਗੇ, ਓਵਰਲੋਡ ਟਰਾਂਸਫਾਰਮਰਾਂ ਨੂੰ ਅੰਡਰਲੋਡ ਕੀਤਾ ਜਾਵੇਗਾ ਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕਿਤੇ ਵੀ ਲਟਕਦੀਆਂ ਤਾਰਾਂ ਦਿਖਾਈ ਨਹੀਂ ਦੇਣਗੀਆਂ। ਇਸ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਕੰਮ ਜਿਸ ਨਾਲ ਲੋਕਾਂ ਨੂੰ ਨਿਰਵਿਘਨ ਤੇ ਸੁਰੱਖਿਅਤ ਰੂਪ ਨਾਲ ਬਿਜਲੀ ਮੁਹੱਈਆ ਹੋਵੇ ਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਦੀ ਮੱਦਦ ਨਾਲ ਉਹ ਖੁਦ ਇਹਨਾਂ ਕੰਮਾਂ ਦੀ ਅਗਵਾਈ ਕਰਨਗੇ ਤੇ ਆਉਣ ਵਾਲੇ ਗਰਮੀਆਂ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਸਾਰੇ ਪ੍ਰੋਜੈਕਟ ਨੂੰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਪੀਐੱਸਪੀਸੀਐੱਲ ਖੰਨਾ ਦੇ ਐੱਸਡੀਓ ਅੰਕੁਸ਼, ਕੌਸਲਰ ਸੁਖਮਨਜੀਤ ਸਿੰਘ ਬਡਗੁੱਜਰ, ਪੀਏ ਮਹੇਸ਼ ਕੁਮਾਰ, ਕੁਲਵੰਤ ਸਿੰਘ ਮਹਿਮੀ, ਪੁਨੀਤ ਖੱਟਰ, ਅਮਰਿੰਦਰ ਸਿੰਘ ਚਾਹਲ, ਅਵਤਾਰ ਸਿੰਘ ਮਾਨ, ਦਰਸ਼ਨ ਸਿੰਘ, ਹਵਾ ਸਿੰਘ, ਮਨਜੀਤ ਸਿੰਘ ਫੌਜੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।