43ਵਾਂ ਨਾਟਕ ਤੇ ਗੀਤ ਸੰਗੀਤ ਮੇਲਾ ਕਰਵਾਉਣ ਦਾ ਐਲਾਨ
ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ 1 ਮਈ ਰਾਤ ਭਰ ਦਾ 43 ਵਾਂ ਨਾਟਕ ਤੇ ਗੀਤ ਸੰਗੀਤ ਮੇਲਾ ਕਰਵਾਉਣ ਦਾ ਐਲਾਨ
Publish Date: Sun, 05 Apr 2026 06:24 PM (IST)
Updated Date: Sun, 05 Apr 2026 06:25 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬ ਲੋਕ ਸਭਿਆਚਾਰਕ ਮੰਚ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਿਖੇ 1 ਮਈ ਦੀ ਰਾਤ ਨੂੰ 43ਵਾਂ ਨਾਟਕ ਤੇ ਗੀਤ ਸੰਗੀਤ ਮੇਲਾ ਸਾਮਰਾਜੀ ਜੰਗ ਵਿਰੋਧੀ ਸੰਸਾਰ ਵਿਆਪੀ ਲੋਕ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਕਰਵਾਉਣ ਦਾ ਐਲਾਨ ਕੀਤਾ। ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਸ ਵੇਰ ਪੰਜਾਬੀ ਭਵਨ ਵਿੱਚ ਸ਼ਾਮ ਸਾਢੇ 6 ਵਜੇ ਦੂਨੀਆਂ ਦੇ ਕਿਰਤੀ ਲੋਕਾਂ ਦੀ ਡੂੰਘੀ ਨਫ਼ਰਤ ਦੇ ਪਾਤਰ, ਇਰਾਨ ਦੇ ਤੇਲ ਤੇ ਕਬਜ਼ਾ ਕਰਨ ਲਈ ਠੋਸੀ ਨਿਹੱਕੀ ਜੰਗ ਦੇ ਜ਼ਿੰਮੇਵਾਰ ਅਮਰੀਕਾ ਅਤੇ ਇਜ਼ਰਾਈਲ ਖਿਲਾਫ ਰੋਸ ਭਰਪੂਰ ਰੋਸ ਮਾਰਚ ਕੀਤਾ ਜਾਵੇਗਾ। ਇਸ ਰੋਸ ਮਾਰਚ ਰਾਹੀਂ ਇਜ਼ਰਾਈਲੀ ਸੰਸਦ ਵੱਲੋਂ ਗ਼ਜ਼ਾ ਦੇ ਗ੍ਰਿਫਤਾਰ ਕੈਦੀਆਂ ਨੂੰ ਮੌਤ ਦੀ ਸਜ਼ਾ ਦਾ ਵਹਿਸ਼ੀ ਅਤੇ ਖਤਰਨਾਕ ਕਨੂੰਨ ਪਾਸ ਕਰਨ ਖਿਲਾਫ਼ ਵੀ ਆਵਾਜ਼ ਉਠਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵੇਰ ਦੇ ਨਾਟਕ ਮੇਲੇ ਵਿਚ 6 ਬੇਹਤਰੀਨ ਨਾਟਕ ਖੇਡੇ ਜਾਣਗੇ। ਮੇਲੇ ਦੌਰਾਨ ਗੀਤ ਸੰਗੀਤ ਹੋਵੇਗਾ। ਤਿੰਨ ਸਾਹਿਤਕ ਅਤੇ ਰੰਗਮੰਚ ਸਖਸ਼ੀਅਤਾਂ ਨੂੰ ਪਲਸ ਮੰਚ ਵਲੋਂ ਸਨਮਾਨਤ ਕੀਤਾ ਜਾਵੇਗਾ। ਇਸ ਰਾਤ ਪੰਜਾਬੀ ਭਵਨ ਦੇ ਵਿਸ਼ਾਲ ਪਾਰਕ ਵਿੱਚ ਦਰਜਨਾਂ ਪੁਸਤਕ ਸਟਾਲ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਉਣਗੀਆਂ। ਅੱਜ ਦੀ ਮੀਟਿੰਗ ਵਿਚ ਉਪਰੋਕਤ ਤੋਂ ਬਿਨਾਂ ਵਿੱਤ ਸਕੱਤਰ ਕਸਤੂਰੀ ਲਾਲ, ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ, ਜਸਵਿੰਦਰ ਪੱਪੀ ਹਾਜ਼ਰ ਸਨ।