ਪੰਜਾਬ ਬੋਰਡ ਦੀ 5ਵੀਂ ਤੇ 10ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ
ਪੰਜਾਬ ਬੋਰਡ ਦੀ 5ਵੀਂ ਅਤੇ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ
Publish Date: Fri, 06 Mar 2026 09:50 PM (IST)
Updated Date: Fri, 06 Mar 2026 09:54 PM (IST)
- 5ਵੀਂ ਦਾ ਅੰਗਰੇਜ਼ੀ ਤੇ 10ਵੀਂ ਦਾ ਸੋਸ਼ਲ ਸਾਇੰਸ ਦਾ ਹੋਇਆ ਪੇਪਰ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 5 ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਨੂੰ 5ਵੀਂ ਅਤੇ 10ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੇਣ ਲਈ ਵਿਦਿਆਰਥੀ ਸਿੱਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਤੇ ਪਹੁੰਚੇ। ਪ੍ਰੀਖਿਆ ਕੇਂਦਰਾਂ ’ਚ ਅੰਦਰ ਜਾਣ ਤੋਂ ਪਹਿਲਾਂ ਸਵੇਰ ਵੇਲੇ ਵਿਦਿਆਰਥੀ ਰਿਵਾਈਜ਼ ਕਰਦੇ ਅਤੇ ਇੱਕ-ਦੂਸਰੇ ਨੂੰ ਪੇਪਰ ਸਫਲ ਹੋਣ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਨਜ਼ਰ ਆਏ। ਪ੍ਰੀਖਿਆ ਦੇਣ ਤੋਂ ਬਾਅਦ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆ ਕੇ ਦੋਵੇਂ ਹੀ ਜਮਾਤਾਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੇਪਰ ਸਿਲੇਬਸ ਦੇ ਮੁਤਾਬਿਕ ਆਇਆ ਸੀ ਜੋ ਕਿ ਬਹੁਤ ਵਧੀਆ ਰਿਹਾ। 5ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਸੀ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪੇਪਰ ਸੋਸ਼ਲ ਸਾਇੰਸ ਦਾ ਸੀ।
- ਓਐੱਮਆਰ ਸ਼ੀਟ ਦੇ ਕਾਲਮ ਭਰਨ ਲਈ ਦਿੱਤਾ 15 ਮਿੰਟ ਦਾ ਵਾਧੂ ਸਮਾਂ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਮੁਤਾਬਿਕ 5ਵੀਂ ਅਤੇ 10ਵੀਂ ਦੋਵੇਂ ਹੀ ਜਮਾਤਾਂ ਦੀਆਂ ਪ੍ਰੀਖਿਆਰਥੀਆਂ ਨੂੰ ਓਐੱਮਆਰ ਸ਼ੀਟ ਦੇ ਕਾਲਮ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ ਸੀ। 5ਵੀਂ ਜਮਾਤ ਦਾ ਪ੍ਰੀਖਿਆ ਦਾ ਸਮਾਂ ਸਵੇਰੇ 9 ਵਜੇ ਤੋਂ 12 ਵਜੇ ਤਕ ਦਾ ਸੀ ਅਤੇ ਪ੍ਰੀਖਿਆ ਲਈ ਸੈਲਫ ਸੈਂਟਰ ਸਥਾਪਿਤ ਕੀਤੇ ਗਏ ਸਨ, ਜਿਸ ਵਿੱਚ 52704 ਵਿਦਿਆਰਥੀਆਂ ’ਚੋਂ 51358 ਵਿਦਿਆਰਥੀ ਹਾਜ਼ਰ ਰਹੇ ਅਤੇ 1346 ਗੈਰ ਹਾਜ਼ਰ ਸਨ। ਇਸ ਦੇ ਨਾਲ ਹੀ 10ਵੀਂ ਜਮਾਤ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2:15 ਤਕ ਦਾ ਸੀ। ਜ਼ਿਲ੍ਹੇ ਭਰ ’ਚੋਂ 10ਵੀਂ ਜਮਾਤ ਦਾ ਪੇਪਰ ਦੇਣ ਲਈ ਕੁੱਲ 38770 ਵਿਦਿਆਰਥੀ ਪ੍ਰੀਖਿਆ ਕੇਂਦਰਾਂ ’ਤੇ ਪਹੁੰਚੇ। ਜ਼ਿਲ੍ਹੇ ਵਿੱਚ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਬੋਰਡ ਵੱਲੋਂ ਲਗਭਗ 300 ਪ੍ਰੀਖਿਆ ਕੇਂਦਰ ਬਣਾਏ ਗਏ ਹਨ।