ਪੀਏਯੂ ਦਾ ਦੋ ਰੋਜ਼ਾ ਕਿਸਾਨ ਮੇਲਾ 20 ਮਾਰਚ ਤੋਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੋ ਰੋਜਾ ਕਿਸਾਨ ਮੇਲਾ 20 ਮਾਰਚ ਤੋਂ
Publish Date: Fri, 06 Feb 2026 07:31 PM (IST)
Updated Date: Sat, 07 Feb 2026 04:08 AM (IST)

- ਪੀਏਯੂ ਨੇ ਐਲਾਨੀਆਂ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਫੋਟੋ ਨੰਬਰ-5 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮਾਰਚ 2026 ’ਚ ਸਾਉਣੀ ਦੀਆਂ ਫਸਲਾਂ ਲਈ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਸਾਂਝੀ ਕੀਤੀ ਵਿਉਂਤਬੰਦੀ ਅਨੁਸਾਰ ਮੇਲਿਆਂ ਦੀ ਸ਼ੁਰੂਆਤ 10 ਮਾਰਚ ਨੂੰ ਨਾਗਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ। ਇਸ ਤੋਂ ਬਾਅਦ 12 ਮਾਰਚ ਨੂੰ ਪਟਿਆਲਾ (ਰੌਣੀ), 14 ਮਾਰਚ ਨੂੰ ਬੱਲੋਵਾਲ ਸੌਂਖੜੀ, 17 ਮਾਰਚ ਨੂੰ ਫਰੀਦਕੋਟ, 24 ਮਾਰਚ ਨੂੰ ਬਠਿੰਡਾ ਅਤੇ 27 ਮਾਰਚ ਨੂੰ ਗੁਰਦਾਸਪੁਰ ਵਿਖੇ ਕਿਸਾਨ ਮੇਲੇ ਕਰਵਾਏ ਜਾਣਗੇ। ਪੀਏਯੂ ਲੁਧਿਆਣਾ ਵਿਖੇ ਦੋ ਰੋਜਾ ਕਿਸਾਨ ਮੇਲਾ 20 ਅਤੇ 21 ਮਾਰਚ ਨੂੰ ਹੋਵੇਗਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕਿਸਾਨ ਮੇਲਿਆਂ ਦਾ ਉਦੇਸ਼ ‘ਖੇਤੀ ਵਿਭਿੰਨਤਾ ਅਪਣਾਓ, ਵੱਡਮੁੱਲਾ ਵਾਤਾਵਰਨ ਬਚਾਓ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ’ਚ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਲਈ ਪ੍ਰੇਰਿਤ ਕਰਨ ਦੀ ਲੋੜ ਹੈ ਤੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਖੇਤੀਬਾੜੀ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨਗੇ। ਨਿਰਦੇਸਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮੇਲਿਆਂ ਦੇ ਸਫਲ ਅਤੇ ਸੁਚਾਰੂ ਪ੍ਰਬੰਧ ਲਈ ਪੀਏਯੂ ਵਿਖੇ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨ ਪੀਏਯੂ ਦੀ ਪ੍ਰੇਰਕ ਸ਼ਕਤੀ ਹਨ ਤੇ ਉਨ੍ਹਾਂ ਦੀ ਹੌਸਲਾ ਅਫਜਾਈ ਅਤੇ ਊਰਜਾ ਨਾਲ ਭਰੀ ਹਿੱਸੇਦਾਰੀ ਪੀਏਯੂ ਨੂੰ ਆਪਣੇ ਪੈਰਾਂ ’ਤੇ ਖੜ੍ਹੀ ਰਹਿਣ ਤੇ ਕਿਸਾਨ ਭਾਈਚਾਰੇ ਦੀਆਂ ਲਗਾਤਾਰ ਬਦਲਦੀਆਂ ਅਤੇ ਲਗਾਤਾਰ ਵਧਦੀਆਂ ਲੋੜਾਂ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕਰਦੀ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਅਤੇ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਸਮੁੱਚੇ ਪ੍ਰਸਾਰ ਅਤੇ ਸੰਚਾਰ ਮਾਧਿਅਮਾਂ ਰਾਹੀਂ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਵਿੱਚ ਸਾਉਣੀ ਦੀਆਂ ਫਸਲਾਂ ਦੇ ਬੀਜਾਂ, ਫਲਦਾਰ ਬੂਟਿਆਂ, ਖੇਤੀ ਸਾਹਿਤ ਤੇ ਸਬਜ਼ੀਆਂ ਦੀਆਂ ਕਿੱਟਾਂ ਦੀ ਵਿਕਰੀ ਦੇ ਨਾਲ-ਨਾਲ ਕਾਸ਼ਤ ਤਕਨੀਕਾਂ ਸੰਬੰਧੀ ਮਾਹਿਰਾਂ ਦੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ।