ਪਲਸ ਮੰਚ ਦਾ ਸੂਬਾਈ ਸਮਾਗਮ ਗੁਰਸ਼ਰਨ ਕਲਾ ਭਵਨ ਵਿਖੇ 25 ਨੂੰ
ਪਲਸ ਮੰਚ ਦਾ ਸੂਬਾਈ ਸਮਾਗਮ ਗੁਰਸ਼ਰਨ ਕਲਾ ਭਵਨ ਵਿਖੇ 25 ਨੂੰ
Publish Date: Mon, 05 Jan 2026 07:07 PM (IST)
Updated Date: Tue, 06 Jan 2026 04:09 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਦਹਾਕਿਆਂ ਤੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਅਤੇ ਵੱਖ-ਵੱਖ ਥਾਵਾਂ ’ਤੇ ਹੁੰਦਾ ਆ ਰਿਹਾ ਯਾਦਗਾਰੀ ਸਮਾਗਮ ਇਸ ਵਾਰ 25 ਜਨਵਰੀ ਨੂੰ ਸਵੇਰੇ 11 ਵਜੇ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਕੀਤਾ ਜਾਏਗਾ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ’ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਮੰਚ ਦੇ ਕਾਰਜਕਾਰੀ ਸਕੱਤਰ ਹਰਕੇਸ਼ ਚੌਧਰੀ ਨੇ ਦੱਸਿਆ ਕਿ 25 ਜਨਵਰੀ ਠੀਕ 11 ਵਜੇ ਇਹ ਸਮਾਗਮ ‘ਲੋਕਾਂ ਦਾ ਮੀਤ ਗੀਤ ਸੰਗੀਤ’ ਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੋਏਗਾ। ਜਿਸ ਵਿੱਚ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸਰੀ ਜੱਥਾ ਰਸੂਲਪੁਰ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ ਲੋਕ ਸੰਗੀਤ ਮੰਡਲੀ ਮਸਾਣੀ, ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਜੀਦਾ ਅਤੇ ਅਜਮੇਰ ਅਕਲੀਆ ਆਪਣੇ ਗੀਤਾਂ ਨਾਲ ਸਮਾਗਮ ’ਚ ਸੰਗੀਤਕ ਰੰਗ ਭਰਨਗੇ। ਦੂਜੇ ਸੈਸ਼ਨ ’ਚ ਲੋਕਾਂ ਦਾ ਸੰਗੀ ਸਾਥੀ ਸਾਹਿਤ ਅਤੇ ਸਭਿਆਚਾਰ’ ਵਿਸ਼ੇ ਤੇ ਵਿਚਾਰ ਚਰਚਾ ਹੋਵੇਗੀ ਜਿਸ ਵਿੱਚ ਡਾ. ਨਰਸ਼ਰਨ, ਡਾ.ਅਰੀਤ ਅਤੇ ਮਨਜੀਤ ਔਲਖ ਨੂੰ ਉਚੇਚੇ ਤੌਰ ’ਤੇ ਬੁਲਾਵਾ ਭੇਜਿਆ ਗਿਆ ਹੈ। ਤੀਜੇ ਸੈਸ਼ਨ ’ਚ ਗੁਰਸ਼ਰਨ ਸਿੰਘ ਦੁਆਰਾ ਰਚਿਤ ਨਾਟਕ ’ਸਿਉਂਕ’ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਹਰਕੇਸ਼ ਚੌਧਰੀ ਦੀ ਅਗਵਾਈ ਵਿੱਚ ਦਰਸ਼ਕਾਂ ਦੇ ਰੂਬਰੂ ਕਰੇਗੀ। ਇਸ ਸਮਾਗਮ ਦਾ ਇੱਕ ਵਿਲੱਖਣ ਰੰਗ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਓਪਨ ਏਅਰ ਥੀਏਟਰ ਦੀ ਆਧਾਰ ਸ਼ਿਲਾ ਦਾ ਗੁਰਸ਼ਰਨ ਕਲਾ ਭਵਨ ਦੇ ਵਿਹੜੇ ਵਿੱਚ ਉਦਘਾਟਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਮਾਗਮ ’ਚ ਪੰਜਾਬ ਦੇ ਲੇਖਕਾਂ ਸਾਹਿਤਕਾਰਾਂ ਬੁੱਧੀਜੀਵੀਆਂ ਰੰਗਕਰਮੀਆਂ ਤਰਕਸ਼ੀਲਾਂ ਚਿੱਤਰ, ਫੋਟੋ ਕਲਾਕਾਰਾਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਮਿਲਣੀ ਖਿੱਚ ਅਤੇ ਅਰਥ ਭਰਪੂਰ ਹੋਵੇਗੀ। ਇਸ ਮਿਲਣੀ ਵਿੱਚ ਕਲਮ, ਕਲਾ ਅਤੇ ਸੰਗਰਾਮ ਦੀ ਪ੍ਰਸਪਰ ਜੋਟੀ ਮਜਬੂਤ ਕਰਨ ਦਾ ਅਹਿਦ ਲਿਆ ਜਾਏਗਾ।