ਮੱਧੇਪੁਰ ’ਚ ਹੋ ਰਹੀ ‘ਡੀ-ਸਿਲਟਿੰਗ’ ਖਿਲਾਫ ਲੋਕਾਂ ਦਾ ਵਿਰੋਧ ਹੋਰ ਹੋਇਆ ਤੇਜ਼
ਮੱਧੇਪੁਰ ’ਚ ਹੋ ਰਹੀ ‘ਡੀਸਲਟਿੰਗ’ ਖਿਲਾਫ ਲੋਕਾਂ ਦਾ ਵਿਰੋਧ ਹੋਰ ਤੇਜ਼ ਹੋਇਆ
Publish Date: Mon, 20 Apr 2026 08:06 PM (IST)
Updated Date: Tue, 21 Apr 2026 04:06 AM (IST)

-ਮਹਿਕਮਿਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਲੋਕ ਧਰਨਾ ਲਗਾਉਣ ਲਈ ਡਟੇ ਕੁਲਵਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਸਿੱਧਵਾਂ ਬੇਟ : ਪਿੰਡ ਮੱਧੇਪੁਰ ਦੇ ਲੋਕਾਂ ਵੱਲੋਂ ਇਹ ਕਹਿੰਦਿਆਂ ਪੱਕੇ ਤੌਰ ਤੇ ਧਰਨਾ ਲਗਾ ਦਿੱਤਾ ਗਿਆ ਕਿ ਦਰਿਆ ਸਤਲੁਜ ਦੇ ਪਿੰਡ ਮੱਧੇਪੁਰ ਦੀਆਂ ਜ਼ਮੀਨਾਂ ’ਚ ‘ਡੀ-ਸਿਲਟਿੰਗ’ ਦਾ ਨਾਮ ਤੇ ਖੱਡ ਚਲਾਈ ਜਾ ਰਹੀ ਹੈ। ਭਾਵੇਂ ਕਿ ਇੱਥੋਂ ਨਿਕਲਣ ਵਾਲੇ ਟਿੱਪਰਾਂ ਨੂੰ ਪਿੰਡ ਮੱਧੇਪੁਰ ਦੇ ਦਲੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਇਹ ਕਹਿਕੇ ਰੋਕ ਦਿੱਤਾ ਸੀ ਕਿ ਇਸ ਖੱਡ ਵਿੱਚੋਂ ਲੰਘਣ ਵਾਲੇ ਵਾਹਣ ਸਾਡੀ ਜਮੀਨ ਵਿੱਚੋਂ ਲੰਘ ਰਹੇ ਹਨ, ਜਿਸਦੀ ਉਸ ਵੱਲੋਂ ਕੋਰਟ ਦੇ ਸਟੇਅ ਆਰਡਰ ਦੀ ਕਾਪੀ ਵੀ ਵਿਖਾਈ ਗਈ। ਇਸ ਮੌਕੇ ’ਤੇ ਮਾਲ ਵਿਭਾਗ ਤੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਕਸ਼ੇ ਰਾਹੀਂ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਰਸਤੇ ਵਾਲੀ ਜਗ੍ਹਾ ਦਲੀਪ ਸਿੰਘ ਵਗੈਰਾ ਦੀ ਨਹੀਂ ਹੈ, ਬਲਕਿ ਇਹ ਜ਼ਮੀਨ ਕੇਂਦਰ ਸਰਕਾਰ ਦੀ ਹੈ ਤਾਂ ਦਲੀਪ ਸਿੰਘ ਦਾ ਪਰਿਵਾਰ ਹੀ ਨਹੀਂ, ਸਗੋਂ ਪਿੰਡ ਮੱਧੇਪੁਰ ਸਮੇਤ ਲਾਗਲੇ ਕਈ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਇਹ ਕਹਿੰਦਿਆਂ ਪੱਕਾ ਧਰਨਾ ਲਗਾ ਦਿੱਤਾ ਕਿ ਇਸ ਖੱਡ ਦੇ ਚੱਲਣ ਨਾਲ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚੇਗਾ, ਕਿਉਂਕਿ ਜਿੱਥੋਂ ਇਹ ਰੇਤਾ ਚੁੱਕੀ ਜਾ ਰਹੀ ਹੈ ਉਹ ਜਗ੍ਹਾ ਬੰਨ੍ਹ ਤੋਂ ਮਹਿਜ਼ ਕੁਝ ਹੀ ਦੂਰੀ ’ਤੇ ਹੈ। ਧਰਨਾ ਲਗਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਸਤਲੁਜ ’ਚ ਆਏ ਹੜ੍ਹਾਂ ਨੇ ਉਨ੍ਹਾਂ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰੀ ਰੱਖਿਆ ਜਿਸਦੇ ਚਲਦਿਆਂ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਪਰ ਹੁਣ ਕਈ ਸਾਲਾਂ ਬਾਅਦ ਉਨ੍ਹਾਂ ਦੀਆਂ ਇਹ ਜ਼ਮੀਨਾਂ ਆਬਾਦ ਹੋਈਆਂ ਹਨ ਪਰ ਹੁਣ ਜੇਕਰ ਇੱਥੇ ਖੱਡ ਚਲਾ ਕੇ ਫਿਰ ਤੋਂ ਉਨ੍ਹਾਂ ਨੂੰ ਡੁਬਾਉਣ ਲਈ ਇੱਥੋਂ ਗੈਰ ਕਾਨੂੰਨੀ ਤਰੀਕਾ ਵਰਤਿਆ ਗਿਆ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ। ਜਿਸ ਤਰ੍ਹਾਂ ਇੱਥੋਂ ‘ਡੀਸਲਟਿੰਗ’ ਦੇ ਨਾਮ ’ਤੇ ਰੇਤਾ ਚੁੱਕਿਆ ਜਾ ਰਿਹਾ ਹੈ ਉਸ ਨਾਲ ਉਨ੍ਹਾਂ ਦੇ ਕਈ ਪਿੰਡਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਲੋਕਾਂ ਦੇ ਹੱਕ ’ਚ ਆਏ ਜਗਰਾਓਂ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਸੁਖਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸਰਕਾਰ ਹੁਣ ‘ਡੀ-ਸਿਲਟਿੰਗ’ ਦੇ ਨਾਮ ਤੇ ਇੱਥੋਂ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ। ਪਰ ਕਿਸੇ ਨੂੰ ਲੋਕਾਂ ਦੇ ਹੱਕਾਂ ‘ਤੇ ਡਾਕਾ ਨਹੀਂ ਮਾਰਨ ਨਹੀਂ ਦਿੱਤਾ ਜਾਵੇਗਾ।