ਜਨਤਕ ਜਥੇਬੰਦੀਆਂ ਵੱਲੋਂ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜਨ ਦੀ ਨਿਖੇਧੀ
ਜਨਤਕ ਜਥੇਬੰਦੀਆਂ ਵੱਲੋਂ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜਨ ਦੀ ਨਿਖੇਧੀ
Publish Date: Wed, 25 Mar 2026 07:12 PM (IST)
Updated Date: Thu, 26 Mar 2026 04:05 AM (IST)

- ਬੁਤ ਤੋੜਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਲਈ ਆਵਾਜ਼ ਉਠਾਉਣ ਦਾ ਦਿੱਤਾ ਸੱਦਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਕਾਕੋਰੀ ਕਾਂਡ ਨਾਲ ਜਾਣੇ ਜਾਂਦੇ ਸ਼ਹੀਦਾਂ ਦੇ ਹੋਰ ਸਾਥੀਆਂ ਸ਼ਹੀਦ ਅਸ਼ਪਾਕ ਉੱਲਾ ਖਾਂ, ਸ਼ਹੀਦ ਰਾਮ ਪ੍ਰਸਾਦ ਬਿਸਮਿਲ ਅਤੇ ਸ਼ਹੀਦ ਠਾਕੁਰ ਰੋਸ਼ਨ ਸਿੰਘ ਦੇ ਬੁੱਤਾਂ ਨੂੰ ਯੂਪੀ ਸਰਕਾਰ ਦੇ ਇਸ਼ਾਰੇ ‘ਤੇ ਤੋੜਨ ਦੀ ਜਨਤਕ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਜਿਸ ਵੇਲੇ ਦੇਸ਼ 23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਚੜ੍ਹਾਏ ਸੂਰਬੀਰਾਂ, ਸ਼ਹੀਦ ਭਗਤ ਸਿੰਘ, ਰਾਜ ਗੁਰੂ, ਸੁਖਦੇਵ ਨੂੰ ਸਰਧਾਂਜਲੀ ਭੇਂਟ ਕਰ ਰਿਹਾ ਸੀ, ਉਸੇ ਵੇਲੇ ਯੂਪੀ ਸਰਕਾਰ ਦੇ ਇਹ ਸਾਰੇ ਤੇ ਵਾਪਰੀ ਬੇਹੱਦ ਸ਼ਰਮਨਾਕ ਹਰਕਤ ਸਾਹਮਣੇ ਆਈ।ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਟਰੱਸਟ, ਜਮਹੂਰੀ ਅਧਿਕਾਰ ਸਭਾ ਪੰਜਾਬ, ਮਹਾਂ ਸਭਾ ਲੁਧਿਆਣਾ ਅਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਨੇ ਮਾਮਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਇਹਨਾਂ ਦੇਸ਼ ਭਗਤਾਂ ਦੇ ਬੁੱਤਾਂ ਨੂੰ ਤੋੜਨ ਲਈ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਟਰੱਸਟ ਤੇ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ) ਅਤੇ ਜਨਰਲ ਸਕੱਤਰ ਤੇ ਸਭਾ ਦੇ ਸੂਬਾਈ ਆਗੂ ਜਸਵੰਤ ਜ਼ੀਰਖ, ਮਹਾਂ ਸਭਾ ਦੇ ਪ੍ਰਧਾਨ ਬਲਕੌਰ ਸਿੰਘ ਗਿੱਲ ਅਤੇ ਨੌਜਵਾਨ ਸਭਾ ਦੇ ਪ੍ਰਧਾਨ ਹਰਪ੍ਰੀਤ ਜ਼ੀਰਖ ਨੇ ਕਿਹਾ ਕਿ ਸਰਕਾਰ ਦੀ ਇਹ ਹਰਕਤ ਬਰਤਾਨਵੀ ਹਕੂਮਤ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ । ਉਹਨਾਂ ਕਿਹਾ ਕਿ ਇਕ ਪਾਸੇ ਬਰਤਾਨਵੀਂ ਹਕੂਮਤ ਵੱਲੋਂ ਸਾਡੇ ਉਪਰੋਕਤ ਸੂਰਬੀਰਾਂ ਨੂੰ ਫਾਂਸੀਆਂ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਹੁਣ ਉਸੇ ਹਕੂਮਤ ਦੇ ਪਦ ਚਿੰਨ੍ਹਾਂ ‘ਤੇ ਚਲਦਿਆਂ ਯੂਪੀ ਸਰਕਾਰ ਨੇ ਸ਼ਾਹਜਹਾਂਪੁਰ ਦੇ ਪਾਰਕ ਵਿੱਚ ਲੱਗੇ ਸ਼ਹੀਦਾਂ ਦੇ ਬੁੱਤਾਂ ਨੂੰ ਤੋੜ ਕੇ ਮਲਬੇ ਦੇ ਡੰਪ ਵਿੱਚ ਸੁੱਟ ਕੇ ਅਤਿ ਦੀ ਘਿਨਾਉਣੀ ਹਰਕਤ ਕੀਤੀ ਹੈ । ਉਪਰੋਕਤ ਆਗੂਆਂ ਨੇ ਕਿਹਾ ਕਿ ਇਹ ਸਭ ਅਚਨਚੇਤ ਨਹੀਂ ਵਾਪਰਿਆ ਸਗੋਂ ਭਾਜਪਾ ਹਕੂਮਤ ਵੱਲੋਂ ਲੋਕਾਂ ਨੂੰ ਇਨਕਲਾਬੀ , ਇਤਿਹਾਸਿਕ ਅਤੇ ਸਾਹਿਤਕ ਯਾਦਗਾਰਾਂ ਜਿਹੜੀਆਂ ਵੀ ਸਾਮਰਾਜੀ ਪ੍ਰਬੰਧ ਖ਼ਿਲਾਫ਼ ਕੌਮੀ ਆਜ਼ਾਦੀ ਦੀ ਗਵਾਹੀ ਭਰਦੀਆਂ ਹਨ ਤੇ ਦੇਸ਼ ਭਗਤੀ ਲਈ ਪ੍ਰੇਰਤ ਕਰਦੀਆਂ ਹਨ,ਉਹਨਾਂ ਨੂੰ ਮਿਟਾ ਕੇ ਸ਼ਹੀਦਾਂ ਦੀ ਵਿਚਾਰਧਾਰਾ ਖ਼ਤਮ ਕਰਨ ਵੱਲ ਕਦਮ ਹੈ। ਉਨ੍ਹਾਂ ਸਾਮਰਾਜੀ ਪ੍ਰਬੰਧ ਦੀ ਰਾਖੀ ਕਰਨ ਬਦਲੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦਾ ਭਰਮ ਪਾਲ ਰਹੀਆਂ ਸ਼ਕਤੀਆਂ ਖ਼ਿਲਾਫ਼ ਸ਼ਹੀਦਾਂ ਦੀਆਂ ਵਾਰਸ ਇਨਕਲਾਬੀ ਜਮਹੂਰੀ ਤੇ ਜਨਤਕ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਰਕਾਰ ਦੇ ਇਸ ਘਿਨਾਉਣੇ ਘਟਨਾ ਕਰਮ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।