ਬਿਜਲੀ ਸੋਧ ਬਿੱਲ 2025 ਖਿਲਾਫ਼ ਡਵੀਜ਼ਨ ਪੱਧਰ ’ਤੇ ਰੋਸ ਰੈਲੀਆਂ ਅੱਜ
ਬਿਜਲੀ ਸੋਧ ਬਿੱਲ 2025 ਖਿਲਾਫ਼ ਡਵੀਜ਼ਨ ਪੱਧਰ ਤੇ ਰੋਸ ਰੈਲੀਆਂ ਅੱਜ
Publish Date: Mon, 09 Mar 2026 11:05 PM (IST)
Updated Date: Tue, 10 Mar 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾਣ ਦੀਆਂ ਕਨਸੋਆਂ ਦੇ ਮੱਦੇਨਜ਼ਰ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵੱਲੋਂ ਅੱਜ ਤੋਂ ਰੋਸ ਰੈਲੀਆਂ ਸ਼ੁਰੂੁ ਕੀਤੀਆਂ ਜਾ ਰਹੀਆਂ ਹਨ। ਜਿਸ ਲਈ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਪ੍ਰਮੁੱਖ ਜਥੇਬੰਦੀਆਂ ਪੀਐੱਸਈਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ (ਏਟਕ) ਅਤੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਨਾਲ ਸਬੰਧਤ ਸੂਬਾ ਲੀਡਰਸ਼ਿਪ ਦੀ ਸਾਂਝੀ ਮੀਟਿੰਗ ਬਲਦੇਵ ਸਿੰਘ ਮੰਡਾਲੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਵਿੱਚ ਪੇਸ਼ ਕਰਕੇ ਪਾਸ ਕਰਵਾਉਣ ਦੀ ਫਿਰਾਕ ਵਿੱਚ ਹੈ ਜਿਸ ਦੇ ਖਿਲਾਫ਼ ਵੱਡੀ ਲਾਮਬੰਦੀ ਕਰਨ ਲਈ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਸੂਬਾ ਪੱਧਰ ਤੇ ਬਿਜਲੀ ਦਫਤਰਾਂ ਵਿੱਚ ਰੋਸ ਰੈਲੀਆਂ ਕਰਕੇ ਘਾਤਕ ਬਿਜਲੀ ਬਿੱਲ ਵਿਰੁੱਧ ਅਵਾਜ਼ ਬੁਲੰਦ ਕਰਨਗੇ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾਂ ਕੀਤੇ ਜਾਣ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਮੈਨੇਜਮੈਂਟ ਤੇ ਵਾਅਦਾ ਖਿਲਾਫ਼ੀ ਦੇ ਦੋਸ਼ ਲਗਾਏ। ਸਾਂਝੇ ਥੜੇ ਦੇ ਆਗੂਆਂ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਕਿਹਾ ਕਿ ਪਿਛਲੇ ਸਾਲ 10 ਅਤੇ 14 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸ ਸਮੇਂ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਜਥੇਬੰਦੀਆਂ ਦੇ ਲਿਖਤੀ ਸਮਝੌਤੇ ਹੋਏ ਸਨ ਜਿਨ੍ਹਾਂ ਨੂੰ ਹਾਲੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ 16 ਫੀਸਦੀ ਡੀਏ ਦਾ ਬਕਾਇਆ ਦੇਣ, ਪੁਰਾਣੀ ਪੈਨਸ਼ਨ ਦੀ ਬਹਾਲੀ, ਕੱਚੇ ਕਾਮੇ ਪੱਕੇ ਕਰਨ, ਪੈਨਸ਼ਨਰਾਂ ਤੇ 2.59 ਫੈਕਟਰ ਲਾਗੂ ਕਰਨ, ਸੋਧੇ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ ਦੀ ਥਾਂ ਤੇ ਮੁਲਾਜ਼ਮਾਂ ਨਾਲ ਟਕਰਾਅ ਦੀ ਨੀਤੀ ਅਖਤਿਆਰ ਕਰਕੇ ਜਥੇਬੰਦੀਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਿਸ ਨਾਲ ਗਰਮੀ ਦੇ ਮੌਸਮ ਵਿੱਚ ਇਸ ਸਨਅਤੀ ਅਦਾਰੇ ਦਾ ਮਾਹੌਲ ਖਰਾਬ ਹੋਵੇਗਾ। ਆਗੂਆਂ ਨੇ 11 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਖਿਲਾਫ਼ ਮੁਹਾਲੀ ਰੈਲੀ ਵਿੱਚ ਝੰਡੇ ਅਤੇ ਮਾਟੋ ਲੈ ਕੇ ਲੱਗੇ ਕੋਟਿਆਂ ਮੁਤਾਬਕ ਪਹੁੰਚਣ ਦਾ ਸੱਦਾ ਦਿੱਤਾ ਅਤੇ 13 ਮਾਰਚ ਦਿਨ ਸ਼ੁੱਕਰਵਾਰ ਨੂੰ ਸਮੁੱਚੇ ਪੰਜਾਬ ਅੰਦਰ ਸਰਕਲ ਪੱਧਰ ਤੇ ਸਾਂਝੇ ਥੜੇ ਵੱਲੋਂ ਇਕੋ ਦਿਨ ਸਾਂਝੀਆਂ ਮੀਟਿੰਗਾਂ ਨੂੰ ਕਾਮਯਾਬ ਕਰਕੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾਂ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ 17 ਮਾਰਚ ਤੋਂ 7 ਅਪ੍ਰੈਲ ਤੱਕ ਕੇਡਰ ਨੂੰ ਹਰ ਪੱਖ ਤੋਂ ਜਾਗਰੂਕ ਕਰਨ ਲਈ ਸਰਕਲ ਪੱਧਰੀ ਕੰਨਵੈਨਸ਼ਨਾਂ ਕਰਨ ਉਪਰੰਤ 10 ਅਪ੍ਰੈਲ ਨੂੰ ਮੁੱਖ ਦਫਤਰ ਪਟਿਆਲਾ ਦੇ ਗੇਟਾਂ ਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਪਾਵਰ ਮੈਨੇਜਮੈਂਟ ਖਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕਰਨ ਬਾਰੇ ਲਾਮਬੰਦੀ ਕਰਨ ਤੇ ਜੋਰ ਦਿੱਤਾ। ਇਸ ਮੀਟਿੰਗ ਵਿੱਚ ਕੁਲਵਿੰਦਰ ਸਿੰਘ ਢਿੱਲੋਂ, ਗੁਰਭੇਜ ਸਿੰਘ ਢਿੱਲੋਂ, ਸੁਰਿੰਦਰਪਾਲ ਲਹੌਰੀਆ, ਜਰਨੈਲ ਸਿੰਘ, ਨਿਰਮਲ ਸਿੰਘ , ਕਰਮਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਚਾਹਲ, ਮਨਜੀਤ ਸਿੰਘ ਚਾਹਲ, ਰਵੇਲ ਸਿੰਘ ਸਹਾਏਪੁਰ,ਦੇਵਿੰਦਰ ਸਿੰਘ ਪਿਸ਼ੌਰ, ਕੌਰ ਸਿੰਘ ਸੋਹੀ, ਇੰਜ :ਹਰਮਨਦੀਪ, ਬਲਦੇਵ ਸਿੰਘ ਪਸਿਆਣਾ, ਦਲੀਪ ਕੁਮਾਰ,ਬੀ ਐਸ ਸੇਖੋਂ, ਭਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਦੁੱਮਣਾ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਆਗੂਆਂ ਨੇ ਹਿੱਸਾ ਲਿਆ ।